ਮਹਾਰਾਸ਼ਟਰ ਚੋਣਾਂ ਨੂੰ ਲੈ ਕੇ ਸ਼ਰਦ ਪਵਾਰ ਐਲਾਨ, ਕਾਂਗਰਸ-NCP 125-125 ਸੀਟਾਂ ''ਤੇ ਲੜਨਗੇ ਚੋਣ

09/16/2019 5:08:49 PM

ਨਵੀਂ ਦਿੱਲੀ— ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਐੱਨ.ਸੀ.ਪੀ. (ਰਾਸ਼ਟਰਵਾਦੀ ਕਾਂਗਰਸ ਪਾਰਟੀ) ਅਤੇ ਕਾਂਗਰਸ ਦਰਮਿਆਨ ਸੀਟਾਂ ਦੀ ਵੰਡ ਹੋ ਗਈ ਹੈ। ਐੱਨ.ਸੀ.ਪੀ. ਦੇ ਪ੍ਰਧਾਨ ਸ਼ਰਦ ਪਵਾਰ ਨੇ ਕਿਹਾ ਕਿ ਕਾਂਗਰਸ ਅਤੇ ਐੱਸ.ਸੀ.ਪੀ. 125-125 ਸੀਟਾਂ 'ਤੇ ਚੋਣਾਂ ਲੜੇਗੀ, ਜਦੋਂ ਕਿ 38 ਸੀਟਾਂ 'ਤੇ ਸਹਿਯੋਗੀ ਪਾਰਟੀਆਂ ਲੜਨਗੀਆਂ। ਸ਼ਰਦ ਪਵਾਰ ਨੇ 10 ਸਤੰਬਰ ਨੂੰ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ 'ਚ ਸੀਟ ਵੰਡ ਦੇ ਮੁੱਦੇ 'ਤੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਚਰਚਾ ਕੀਤੀ ਸੀ। ਮਾਮਲੇ ਤੋਂ ਜਾਣੂੰ ਇਕ ਸੀਨੀਅਰ ਕਾਂਗਰਸ ਨੇਤਾ ਨੇ ਕਿਹਾ ਕਿ ਦੋਹਾਂ ਨੇਤਾਵਾਂ ਨੇ ਰਾਜ ਦੇ ਸੱਤਾਧਾਰੀ ਭਾਜਪਾ-ਸ਼ਿਵਸੈਨਾ ਗਠਜੋੜ ਨੂੰ ਰੋਕਣ ਲਈ ਕਾਂਗਰਸ ਅਤੇ ਐੱਨ.ਸੀ.ਪੀ. ਦਰਮਿਆਨ ਗਠਜੋੜ ਦੇ ਮੁੱਦੇ 'ਤੇ ਗੱਲਬਾਤ ਕੀਤੀ, ਜਿਸ 'ਚ ਖੇਤਰੀ ਪਾਰਟੀਆਂ ਵੀ ਸ਼ਾਮਲ ਹੋਣਗੀਆਂ।

ਉਨ੍ਹਾਂ ਨੇ ਕਿਹਾ ਕਿ ਦੋਹਾਂ ਨੇਤਾਵਾਂ ਨੇ ਸੂਬੇ 'ਚ ਖੱਬੇ ਪੱਖੀ ਪਾਰਟੀਆਂ ਨੂੰ ਆਪਣੇ ਗਠਜੋੜ 'ਚ ਸ਼ਾਮਲ ਕਰਨ ਦੇ ਮੁੱਦੇ 'ਤੇ ਵੀ ਚਰਚਾ ਕੀਤੀ। ਇਕ ਹੋਰ ਪਾਰਟੀ ਨੇਤਾ ਨੇ ਕਿਹਾ ਕਿ ਕਾਂਗਰਸ ਅਤੇ ਐੱਨ.ਸੀ.ਪੀ. ਸੂਬੇ 'ਚ ਆਪਣੇ ਭਾਜਪਾ ਵਿਰੋਧੀ ਗਠਜੋੜ 'ਚ ਰਾਜ ਠਾਕਰੇ ਦੀ ਮਹਾਰਾਸ਼ਟਰ ਨਵ ਨਿਰਮਾਣ ਸੈਨਾ (ਐੱਮ.ਐੱਨ.ਐੱਸ.) ਨੂੰ ਵੀ ਸ਼ਾਮਲ ਕਰਨ 'ਤੇ ਵਿਚਾਰ ਕਰ ਰਹੇ ਹਨ।

ਨੇਤਾ ਨੇ ਕਿਹਾ ਕਿ ਮਹਾਰਾਸ਼ਟਰ 'ਚ ਭਾਜਪਾ ਵਿਰੋਧੀ ਗਠਜੋੜ 'ਚ ਐੱਮ.ਐੱਨ.ਐੱਸ. ਨੂੰ ਸ਼ਾਮਲ ਕਰਨ ਨੂੰ ਲੈ ਕੇ ਕਾਂਗਰਸ ਨੂੰ ਕੁਝ ਸ਼ੱਕ ਹੈ। ਇਸ ਲਈ ਮੁੱਦੇ 'ਤੇ ਅੰਤਿਮ ਫੈਸਲਾ ਲੈਣ ਤੋਂ ਪਹਿਲਾਂ, ਪਾਰਟੀ ਦੇ ਸੀਨੀਅਰ ਨੇਤਾ ਪ੍ਰਦੇਸ਼ ਲੀਡਰਸ਼ਿਪ ਨਾਲ ਗੱਲਬਾਤ ਕਰਨਗੇ। 2 ਮਹੀਨੇ ਪਹਿਲਾਂ ਐੱਮ.ਐੱਨ.ਐੱਸ. ਮੁਖੀ ਠਾਕਰੇ ਨੇ ਉਨ੍ਹਾਂ ਨਾਲ ਉਨ੍ਹਾਂ ਦੇ ਘਰ ਮੁਲਾਕਾਤ ਕੀਤੀ ਸੀ, ਜਿਸ ਨਾਲ ਇਹ ਕਿਆਸ ਲਗਾਏ ਜਾਣ ਲੱਗੇ ਸਨ ਕਿ ਉਹ ਵੀ ਰਾਜ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ-ਸ਼ਿਵ ਸੈਨਾ ਵਿਰੋਧੀ ਗਠਜੋੜ ਦਾ ਹਿੱਸਾ ਹੋ ਸਕਦੇ ਹਨ। 2014 ਦੀਆਂ ਚੋਣਾਂ 'ਚ ਭਾਜਪਾ ਨੇ 288 ਮੈਂਬਰੀ ਵਿਧਾਨ ਸਭਾ 'ਚ 122 ਸੀਟਾਂ 'ਤੇ ਕਬਜ਼ਾ ਜਮਾਇਆ ਸੀ, ਜਦੋਂ ਕਿ ਸ਼ਿਵ ਸੈਨਾ ਨੂੰ 62 ਸੀਟਾਂ ਮਿਲੀਆਂ ਸਨ। ਕਾਂਗਰਸ ਅਤੇ ਐੱਨ.ਸੀ.ਪੀ. ਨੂੰ 42 ਅਤੇ 41 ਸੀਟਾਂ ਨਾਲ ਸੰਤੁਸ਼ਟ ਹੋਣਾ ਪਿਆ ਸੀ।

DIsha

This news is Content Editor DIsha