ਹਿੰਸਕ ਹੋਇਆ ਮਰਾਠਾ ਅੰਦੋਲਨ : ਮਹਾਰਾਸ਼ਟਰ ਬੰਦ, ਔਰੰਗਾਬਾਦ 'ਚ ਇੰਟਰਨੈੱਟ ਸੇਵਾਵਾਂ ਸਸਪੈਂਡ

07/25/2018 12:39:48 PM

ਪੁਣੇ/ਮੁੰਬਈ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਨੂੰ ਲੈ ਕੇ ਔਰੰਗਾਬਾਦ ਵਿਖੇ ਇਕ ਨੌਜਵਾਨ ਵਲੋਂ ਆਤਮਹੱਤਿਆ ਕੀਤੇ ਜਾਣ ਪਿੱਛੋਂ ਮੰਗਲਵਾਰ ਮਹਾਰਾਸ਼ਟਰ ਦੇ ਕਈ ਜ਼ਿਲਿਆਂ ਵਿਚ ਹਿੰਸਕ ਵਿਖਾਵੇ ਹੋਏ।  ਵਿਖਾਵਾਕਾਰੀਆਂ ਨੇ ਕਈ ਥਾਈਂ ਮੋਟਰ ਗੱਡੀਆਂ ਨੂੰ ਅੱਗ ਲਾ ਕੇ ਸਾੜ ਦਿੱਤਾ ਅਤੇ ਟ੍ਰੈਫਿਕ ਜਾਮ ਕੀਤਾ। ਪਥਰਾਅ ਕਾਰਨ ਇਕ ਕਾਂਸਟੇਬਲ ਦੀ ਮੌਤ ਹੋ ਗਈ ਅਤੇ ਦੂਜਾ ਜ਼ਖ਼ਮੀ ਹੋ ਗਿਆ। ਮਰਾਠਾ ਰਿਜ਼ਰਵੇਸ਼ਨ ਮੋਰਚਾ ਨੇ ਮੰਗਾਂ ਪੂਰੀਆਂ ਕਰਨ ਲਈ ਸਰਕਾਰ ਨੂੰ 2 ਦਿਨ ਦਾ ਸਮਾਂ ਦਿੱਤਾ ਹੈ। ਅੰਦੋਲਨ ਦਾ ਸੂਬੇ ਵਿਚ ਮਿਲਿਆ-ਜੁਲਿਆ ਅਸਰ ਵੇਖਣ ਨੂੰ ਮਿਲਿਆ। ਅੰਦੋਲਨਕਾਰੀ ਓ. ਬੀ. ਸੀ. ਵਰਗ ਅਧੀਨ ਮਰਾਠਾ ਭਾਈਚਾਰੇ ਲਈ ਸਰਕਾਰੀ ਨੌਕਰੀਆਂ ਅਤੇ ਸਿੱਖਿਆ ਵਿਚ 16 ਫੀਸਦੀ ਰਿਜ਼ਰਵੇਸ਼ਨ ਦੀ ਮੰਗ ਕਰ ਰਹੇ ਹਨ। ਉਕਤ ਮਾਮਲਾ ਬੰਬੇ ਹਾਈ ਕੋਰਟ ਵਿਚ ਪੈਂਡਿੰਗ ਹੈ।


ਮਿਲੀਆਂ ਖਬਰਾਂ ਮੁਤਾਬਕ ਪਰਭਣੀ, ਅਹਿਮਦਨਗਰ ਅਤੇ ਹੋਰਨਾਂ ਥਾਵਾਂ 'ਤੇ ਵਿਖਾਵਾਕਾਰੀਆਂ ਨੇ ਸਰਕਾਰੀ ਮੋਟਰ ਗੱਡੀਆਂ ਦੀ  ਤੋੜ-ਭੰਨ ਤੇ ਸਾੜਫੂਕ ਕੀਤੀ। ਪੁਣੇ-ਔਰੰਗਾਬਾਦ ਹਾਈਵੇ 'ਤੇ ਸਰਕਾਰੀ ਬੱਸਾਂ ਨਹੀਂ ਚੱਲੀਆਂ। 
ਔਰੰਗਾਬਾਦ ਵਿਖੇ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ। ਮਰਾਠਵਾੜਾ ਦੇ 8 ਜ਼ਿਲਿਆਂ ਵਿਚ ਅਹਿਤਿਆਤ ਵਜੋਂ ਵਧੇਰੇ ਪ੍ਰਾਈਵੇਟ ਸਕੂਲ ਤੇ ਕਾਲਜ ਬੰਦ ਰੱਖੇ ਗਏ। ਪਿੰਪਰੀ ਵਿਖੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਇਕ ਪ੍ਰੋਗਰਾਮ ਵਿਚ ਵਿਖਾਵਾ ਕਰ ਰਹੇ 20 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ। ਬੁੱਧਵਾਰ ਮੁੰਬਈ ਬੰਦ ਦਾ ਸੱਦਾ ਦਿੱਤਾ ਗਿਆ ਹੈ।  


ਇਸ ਦੌਰਾਨ ਆਤਮਹੱਤਿਆ ਕਰਨ ਵਾਲੇ ਨੌਜਵਾਨ ਦੇ ਅੰਤਿਮ ਸੰਸਕਾਰ ਦੇ ਮੌਕੇ 'ਤੇ ਸ਼ਿਵ ਸੈਨਾ ਦੇ ਐੱਮ. ਪੀ. ਚੰਦਰਕਾਂਤ ਦੇ ਪਹੁੰਚਣ 'ਤੇ ਲੋਕਾਂ ਨੇ ਉਨ੍ਹਾਂ ਦੀ ਮੋਟਰ ਗੱਡੀ 'ਤੇ ਪਥਰਾਅ ਕੀਤਾ ਅਤੇ  ਉਨ੍ਹਾਂ ਨਾਲ ਹੱਥੋਪਾਈ ਵੀ ਕੀਤੀ। ਸਰਕਾਰ ਨੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਅਤੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਇਸ ਦੌਰਾਨ 2 ਹੋਰ ਨੌਜਵਾਨਾਂ ਨੇ ਦਰਿਆ ਵਿਚ ਛਾਲ ਮਾਰ ਕੇ ਜਾਨ ਦੇਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੂੰ ਬਚਾਅ ਲਿਆ ਗਿਆ। ਇੰਨਾ ਹੀ ਨਹੀਂ, ਕੁਝ ਵਿਖਾਵਾਕਾਰੀਆਂ ਨੇ ਵਿਰੋਧ ਵਿਚ ਆਪਣੇ ਸਿਰ ਵੀ ਮੁੰਡਵਾ ਲਏ।
ਮਰਾਠਾ ਭਾਈਚਾਰੇ ਨੂੰ ਗੁੰਮਰਾਹ ਕਰ ਰਹੇ ਹਨ ਸੀ. ਐੱਮ. : ਰਾਜ ਠਾਕਰੇ : ਮਹਾਰਾਸ਼ਟਰ ਨਵ-ਨਿਰਮਾਣ ਸੈਨਾ ਦੇ ਮੁਖੀ ਰਾਜ ਠਾਕਰੇ ਨੇ ਕਿਹਾ ਹੈ ਕਿ ਮੁੱਖ ਮੰਤਰੀ ਮਰਾਠਾ ਭਾਈਚਾਰੇ ਦੇ ਲੋਕਾਂ ਨੂੰ ਝੂਠ ਬੋਲ ਰਹੇ ਹਨ।
ਉਹ ਇਹ ਕਹਿ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਕਿ ਜੇ ਬੰਬੇ ਹਾਈ ਕੋਰਟ ਭਾਈਚਾਰੇ ਲਈ ਰਿਜ਼ਰਵੇਸ਼ਨ ਨੂੰ ਪ੍ਰਵਾਨ ਕਰਦੀ ਹੈ ਤਾਂ ਸਰਕਾਰ ਬੈਕਲਾਗ ਵਜੋਂ ਮਰਾਠਾ ਉਮੀਦਵਾਰਾਂ ਨੂੰ 72 ਹਜ਼ਾਰ ਅਹੁਦਿਆਂ ਵਿਚੋਂ 16 ਫੀਸਦੀ ਅਹੁਦੇ ਵੰਡ ਦੇਵੇਗੀ। ਉਹ ਆਮ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।