ਮਹਾਰਾਸ਼ਟਰ ਚੋਣਾਂ ਲਈ ਸੀਟ ਵੰਡ ਦੇ ਫਾਰਮੂਲੇ ’ਚ ਕੋਈ ਬਦਲਾਅ ਨਹੀਂ: ਊਧਵ ਠਾਕੁਰੇ

08/28/2019 4:23:49 PM

ਮੁੰਬਈ—ਸ਼ਿਵਸੈਨਾ ਮੁਖੀ ਊਧਵ ਠਾਕੁਰੇ ਨੇ ਕਿਹਾ ਹੈ ਕਿ ਆਉਣ ਵਾਲੀਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੇ ਨਾਲ ਤੈਅ ਹੋਈਆਂ ਸੀਟਾਂ ਵੰਡਣ ਦੇ ਫਾਰਮੂਲੇ ’ਚ ਕੋਈ ਬਦਲਾਅ ਨਹੀਂ ਹੈ। ਸੂਬੇ ’ਚ ਸੱਤਾਧਾਰੀ ਭਾਜਪਾ ਅਤੇ ਸ਼ਿਵਸੈਨਾ ’ਚ ਪਿਛਲੇ ਇੱਕ ਮਹੀਨੇ ’ਚ ਲਗਭਗ 12 ਸੀਨੀਅਰ ਕਾਂਗਰਸੀ ਅਤੇ ਰਾਕਾਂਪਾ ਨੇਤਾ ਸ਼ਾਮਲ ਹੋਏ ਹਨ, ਜਿਸ ਤੋਂ ਬਾਅਦ ਅਟਕਲਾਂ ਸ਼ੁਰੂ ਹੋ ਗਈਆਂ ਕਿ ਦੋਵੇਂ ਸੱਤਾਧਾਰੀ ਸਹਿਯੋਗੀ 2014 ਦੀ ਤਰ੍ਹਾਂ ਸੂਬਾ ਵਿਧਾਨ ਸਭਾ ਚੋਣਾਂ ਵੱਖ-ਵੱਖ ਤਰ੍ਹਾਂ ਲੜ ਸਕਦੇ ਹਨ। ਇਸ ਸੰਬੰਧੀ ਜਦੋਂ ਪੁੱਛਿਆ ਗਿਆ ਤਾਂ ਠਾਕਰੇ ਨੇ ਕਿਹਾ ਕਿ ਭਾਜਪਾ ਅਤੇ ਸ਼ਿਵਸੈਨਾ ਵਿਚਾਲੇ ਰਾਜਨੀਤਿਕ ਗਠਬੰਧਨ ਦਾ ਐਲਾਨ ਇਸ ਸਾਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੁੰਬਈ ’ਚ ਹੀ ਕਰ ਦਿੱਤਾ ਗਿਆ ਸੀ। ਉਨ੍ਹਾਂ ਨੇ ਇੱਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਦੱਸਿਆ, ‘‘ਅਸੀਂ ਸੀਟ ਵੰਡ ਲਈ ਜਿਸ ਫਾਰਮੂਲੇ ’ਤੇ ਕੰਮ ਕੀਤਾ, ਉਸ ’ਚ ਕੋਈ ਬਦਲਾਅ ਨਹੀਂ ਹੋਇਆ ਹੈ।’’

ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਠਾਕਰੇ ਨੇ ਇਸ ਸਾਲ ਫਰਵਰੀ ’ਚ ਇੱਕ ਸੰਯੁਕਤ ਸੰਮੇਲਨ ’ਚ ਕਿਹਾ ਸੀ ਕਿ ਦੋਵੇਂ ਪਾਰਟੀਆਂ ਬਰਾਬਰ-ਬਰਾਬਰ ਸੀਟਾਂ ’ਤੇ ਚੋਣਾਂ ਲੜਨਗੀਆਂ ਅਤੇ ਬਾਕੀ ਸੀਟਾਂ ਸੱਤਾਧਾਰੀ ਗਠਜੋੜ ਦੇ ਹੋਰ ਦਲਾਂ ਲਈ ਰਹਿਣਗੀਆਂ। ਪਿਛਲੇ ਮਹੀਨੇ ਮਹਾਰਾਸ਼ਟਰ ਭਾਜਪਾ ਦੇ ਪ੍ਰਧਾਨ ਚੰਦਰਕਾਂਤ ਪਾਟਿਲ ਨੇ ਕਿਹਾ ਸੀ ਕਿ ਸੂਬੇ ’ਚ ਸਤੰਬਰ-ਅਕਤੂਬਰ ’ਚ ਹੋਣ ਵਾਲੀਆਂ ਚੋਣਾਂ ਲਈ ਉਨ੍ਹਾਂ ਦੀ ਪਾਰਟੀ ਅਤੇ ਸ਼ਿਵਸੈਨਾ ਵਿਚਾਲੇ ਸੀਟ ਵੰਡ ’ਤੇ ਗੱਲਬਾਤ ਕੀਤੀ ਜਾਵੇਗੀ। ਭਾਜਪਾ ਅਤੇ ਸ਼ਿਵਸੈਨਾ ਨੇ 2014 ਦੀਆਂ ਸੂਬਾ ਵਿਧਾਨ ਸਭਾ ਚੋਣਾਂ ਵੱਖ-ਵੱਖ ਲੜੀਆਂ ਸਨ ਪਰ ਚੋਣਾਂ ਤੋਂ ਬਾਅਦ ਉਨ੍ਹਾਂ ਨੇ ਮਿਲ ਕੇ ਸਰਕਾਰ ਬਣਾਈ ਸੀ।

Iqbalkaur

This news is Content Editor Iqbalkaur