ਕੋਰੋਨਾ ਦੀ ਆਫਤ : ਮਹਾਰਾਸ਼ਟਰ ''ਚ 342 ਪੁਲਸ ਮੁਲਾਜ਼ਮ ''ਕੋਰੋਨਾ'' ਪਾਜ਼ੇਟਿਵ

05/02/2020 3:36:15 PM

ਮੁੰਬਈ— ਦੇਸ਼ 'ਚ ਕੋਰੋਨਾ ਵਾਇਰਸ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਇਹ ਵਾਇਰਸ ਕੋਰੋਨਾ ਯੋਧਿਆਂ -ਡਾਕਟਰ, ਪੁਲਸ ਮੁਲਾਜ਼ਮ ਅਤੇ ਮੈਡੀਕਲ ਸਟਾਫ ਅਤੇ ਮੀਡੀਆ ਕਰਮਚਾਰੀਆਂ 'ਚ ਵੀ ਤੇਜ਼ੀ ਨਾਲ ਫੈਲਦਾ ਜਾ ਰਿਹਾ ਹੈ। ਮਹਾਰਾਸ਼ਟਰ ਦੀ ਗੱਲ ਕੀਤੀ ਜਾਵੇ ਤਾਂ ਇਹ ਸੂਬਾ ਕੋਰੋਨਾ ਤੋਂ ਪ੍ਰਭਾਵਿਤ ਸੂਬਾ ਹੈ, ਇੱਥੇ ਮਹਿਜ ਪਿਛਲੇ 24 ਘੰਟਿਆਂ 'ਚ 115 ਪੁਲਸ ਮੁਲਾਜ਼ਮ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਦੇ ਨਾਲ ਹੀ ਸੂਬੇ ਵਿਚ ਕੋਰੋਨਾ ਪਾਜ਼ੇਟਿਵ ਪੁਲਸ ਮੁਲਾਜ਼ਮਾਂ ਦੀ ਗਿਣਤੀ ਵੱਧ ਕੇ 342 ਹੋ ਗਈ ਹੈ, ਜੋ ਕਿ ਕੱਲ ਤੱਕ 227 ਸੀ।

ਦੱਸਿਆ ਜਾ ਰਿਹਾ ਹੈ ਕਿ 342 ਪੁਲਸ ਜਵਾਨਾਂ 'ਚੋਂ 51 ਪੁਲਸ ਅਧਿਕਾਰੀ ਅਤੇ 291 ਪੁਲਸ ਮੁਲਾਜ਼ਮ ਹਨ। ਹੁਣ ਤੱਕ 49 ਪੁਲਸ ਮੁਲਾਜ਼ਮਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਸਾਰੇ ਪੀੜਤਾਂ ਕਰਮਚਾਰੀਆਂ ਨੂੰ ਅਲੱਗ-ਥਲੱਗ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਪੂਰੇ ਦੇਸ਼ 'ਚ ਲਾਕਡਾਊਨ ਜਾਰੀ ਹੈ, ਜੋ ਕਿ 17 ਮਈ ਤੱਕ ਰਹੇਗਾ। ਅਜਿਹੇ ਵਿਚ ਲੋਕ ਤਾਂ ਆਪਣੇ ਘਰਾਂ 'ਚ ਕੈਦ ਹਨ ਪਰ ਇਹ ਲੋਕ ਜਨ ਸੇਵਾ ਲਈ ਸੜਕਾਂ 'ਤੇ ਡਿਊਟੀ ਨਿਭਾ ਰਹੇ ਹਨ। ਇਸ ਦੌਰਾਨ ਉਹ ਖੁਦ ਵੀ ਇਸ ਖਤਰਨਾਕ ਬੀਮਾਰੀ ਦਾ ਸ਼ਿਕਾਰ ਹੋ ਰਹੇ ਹਨ। ਪਿਛਲੇ ਮਹੀਨੇ ਮੁੰਬਈ 'ਚ 53 ਪੱਤਰਕਾਰ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਹਾਲਾਂਕਿ ਇਨ੍ਹਾਂ 'ਚੋਂ 31 ਪੱਤਰਕਾਰ ਸਿਹਤਮੰਦ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ।

ਦੇਸ਼ 'ਚ ਜਾਰੀ ਲਾਕਡਾਊਨ ਤੋਂ ਬਾਅਦ ਵੀ ਕੋਰੋਨਾ ਦੀ ਰਫਤਾਰ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਭਾਰਤ 'ਚ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ 37,336 ਤੱਕ ਪਹੁੰਚ ਚੁੱਕੀ ਹੈ ਅਤੇ 1,218 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਪੀੜਤਾਂ ਦੇ ਮਾਮਲੇ ਵਿਚ ਮਹਾਰਾਸ਼ਟਰ ਨੰਬਰ ਇਕ 'ਤੇ ਹੈ, ਜਦਕਿ ਦੂਜੇ ਨੰਬਰ 'ਤੇ ਗੁਜਰਾਤ ਹੈ।

Tanu

This news is Content Editor Tanu