ਮੱਧ ਪ੍ਰਦੇਸ਼ ''ਚ 2 ਔਰਤਾਂ ਸਮੇਤ ਵਿਅਕਤੀ ਨੂੰ ਦਰੱਖਤ ਨਾਲ ਬੰਨ੍ਹ ਕੇ ਕੁੱਟਿਆ, 5 ਗ੍ਰਿਫਤਾਰ

05/16/2019 12:11:30 PM

ਧਾਰ— ਮੱਧ ਪ੍ਰਦੇਸ਼ ਦੇ ਧਾਰ ਵਿਚ ਇਕ ਵਿਅਕਤੀ ਅਤੇ ਉਸ ਦੀਆਂ ਦੋ ਮਹਿਲਾ ਰਿਸ਼ਤੇਦਾਰਾਂ ਨੂੰ ਦਰੱਖਤ ਨਾਲ ਬੰਨ੍ਹ ਕੇ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਧਾਰ ਦੇ ਅਰਜੁਨ ਕਾਲੋਨੀ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਕਿਸੇ ਵਿਆਹੁਤਾ ਔਰਤ ਨੂੰ ਦੌੜਾ ਕੇ ਲੈ ਗਿਆ ਸੀ, ਜਿਸ ਕਾਰਨ ਗੁੱਸੇ 'ਚ ਆਏ ਪਤੀ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ। ਪੁਲਸ ਸੁਪਰਡੈਂਟ ਸੰਜੀਵ ਮੁਲੇ ਨੇ ਦੱਸਿਆ ਕਿ ਇਸ ਘਟਨਾ ਨੂੰ ਲੈ ਕੇ ਕੇਸ ਦਰਜ ਕਰ ਲਿਆ ਗਿਆ ਹੈ। ਮਾਮਲੇ ਵਿਚ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਦਕਿ ਹੋਰ ਦੋਸ਼ੀਆਂ ਦੀ ਭਾਲ ਜਾਰੀ ਹੈ। ਮਿਲੀ ਜਾਣਕਾਰੀ ਮੁਤਾਬਕ ਸੁਨੀਤਾ ਨਾਂ ਦੀ ਔਰਤ ਦਾ ਧਾਰ ਦੇ ਰਹਿਣ ਵਾਲੇ ਮੁਕੇਸ਼ ਨਾਂ ਦੇ ਵਿਅਕਤੀ ਨਾਲ ਵਿਆਹ ਹੋਇਆ ਸੀ ਪਰ ਬਾਅਦ ਵਿਚ ਉਹ ਰਵੀ ਨਾਲ ਦੂਜੇ ਸ਼ਹਿਰ ਚੱਲੀ ਗਈ। ਮੁਕੇਸ਼ ਨੇ ਇਸ ਬਾਰੇ ਰਵੀ ਦੇ ਰਿਸ਼ਤੇਦਾਰ ਅਤੇ ਹੋਰ ਲੋਕਾਂ ਨਾਲ ਸੰਪਰਕ ਕੀਤਾ। ਦੋਹਾਂ ਪੱਖਾਂ ਵਿਚਾਲੇ ਸਮਝੌਤੇ ਦੀ ਪੇਸ਼ਕਸ਼ ਤੋਂ ਬਾਅਦ ਰਵੀ ਅਤੇ ਉਸ ਦੀ ਰਿਸ਼ਤੇਦਾਰ ਸੰਗੀਤਾ ਅਤੇ ਉਰਮਿਲਾ ਨਾਂ ਦੀਆਂ ਔਰਤਾਂ ਧਾਰ ਪਹੁੰਚੇ।  


ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਲੋਕ ਅਰਜੁਨ ਕਾਲੋਨੀ ਪੁੱਜੇ ਤਾਂ ਇਨ੍ਹਾਂ ਨੂੰ ਖੰਭੇ ਨਾਲ ਬੰਨ੍ਹ ਕੇ ਕਾਫੀ ਦੇਰ ਤਕ ਕੁੱਟਿਆ ਗਿਆ। ਇਸ ਮਾਮਲੇ ਵਿਚ ਪੁਲਸ ਨੇ 9 ਲੋਕਾਂ ਵਿਰੁੱਧ ਕੇਸ ਦਰਜ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਲੋਕਾਂ ਵਿਚ ਸੰਤੋਸ਼ ਬਾਈ, ਸਾਇਰੀ, ਰੇਖਾ ਅਤੇ ਮੁਕੇਸ਼ ਦੇ ਪਿਤਾ ਹੀਰਾਲਾਲ ਅਤੇ ਬਲਵੰਤ ਸ਼ਾਮਲ ਹਨ। ਬਾਕੀ 4 ਦੋਸ਼ੀ ਅਜੇ ਵੀ ਪੁਲਸ ਦੀ ਗ੍ਰਿਫਤ ਤੋਂ ਬਾਹਰ ਹਨ। ਦੱਸਣਯੋਗ ਹੈ ਕਿ ਰਾਜਸਥਾਨ ਦੇ ਅਲਵਰ ਜ਼ਿਲੇ ਦੇ ਥਾਣਾਗਾਜ਼ੀ ਇਲਾਕੇ ਵਿਚ ਦਲਿਤ ਔਰਤ ਨਾਲ ਕੁਝ ਬਦਮਾਸ਼ਾਂ ਵਲੋਂ ਉਸ ਦੇ ਪਤੀ ਸਾਹਮਣੇ ਹੀ ਸਮੂਹਕ ਬਲਾਤਕਾਰ ਦੀ ਘਟਨਾ ਤੋਂ ਬਾਅਦ ਇਹ ਘਟਨਾ ਸਾਹਮਣੇ ਆਈ ਹੈ।

Tanu

This news is Content Editor Tanu