ਬੰਬ 'ਚੋਂ ਪਿੱਤਲ ਕੱਢਦੇ ਸਮੇਂ ਹੋਇਆ ਧਮਾਕਾ, ਮਜ਼ਦੂਰ ਦੇ ਉੱਡੇ ਚਿੱਥੜੇ

01/10/2020 10:01:13 AM

ਸਾਗਰ—ਮੱਧ ਪ੍ਰਦੇਸ਼ ਦੇ ਸਾਗਰ 'ਚ ਵੀਰਵਾਰ ਨੂੰ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ। ਕਬਾੜ ਦੀ ਦੁਕਾਨ 'ਚ ਬੰਬ ਫੱਟਣ ਕਾਰਨ ਇੱਕ ਸ਼ਖਸ ਦੇ ਚਿੱਥੜੇ ਉੱਡ ਗਏ। ਇਸ ਤੋਂ ਇਲਾਵਾ ਨੇੜੇ ਮੌਜੂਦ ਹੋਰ ਲੋਕ ਵੀ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਮੱਧ ਪ੍ਰਦੇਸ਼ 'ਚ ਸਾਗਰ ਦੇ ਆਨੰਦ ਨਗਰ ਇਲਾਕੇ 'ਚ ਵਾਪਰਿਆ, ਜਿੱਥੇ ਇਕ ਦੁਕਾਨ 'ਚ ਕੰਮ ਕਰਨ ਵਾਲਾ ਬੈਜਨਾਥ ਅਹਿਰਵਾਰ ਵੱਲੋਂ ਬੰਬ 'ਚੋਂ ਪਿੱਤਲ ਕੱਢਿਆ ਜਾ ਰਿਹਾ ਸੀ ਤਾਂ ਇਸ ਦੌਰਾਨ ਅਚਾਨਕ ਧਮਾਕਾ ਹੋਇਆ। ਧਮਾਕੇ ਦੌਰਾਨ ਬੈਜਨਾਥ ਅਹਿਰਵਾਰ ਦੇ ਚਿੱਥੜੇ ਉੱਡ ਗਏ ਅਤੇ ਦੁਕਾਨ ਮਾਲਕ ਪੱਪੂ ਸਾਹੂ, ਉਸ ਦਾ ਭਤੀਜਾ ਮਨੋਜ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਬੁੰਦੇਲਖੰਡ ਮੈਡੀਕਲ ਕਾਲਜ 'ਚ ਭਰਤੀ ਕਰਵਾਇਆ ਗਿਆ। ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਆਈ.ਜੀ, ਐੱਸ.ਪੀ, ਬੰਬ ਸਕੂਵਾਇਡ ਅਤੇ ਆਰਮੀ ਇੰਟੈਲੀਜੈਂਸ਼ ਮੌਕੇ 'ਤੇ ਪਹੁੰਚੇ ਅਤੇ ਹਾਦਸੇ ਵਾਲੇ ਸਥਾਨ ਦਾ ਜਾਇਜ਼ਾ ਲਿਆ।

ਜ਼ਖਮੀਆਂ ਨੇ ਦੱਸਿਆ ਹੈ ਕਿ ਬੈਜਨਾਥ ਦੁਕਾਨ ਦੇ ਪਿਛਲੇ ਹਿੱਸੇ 'ਚ ਜਾ ਕੇ ਬੰਬ 'ਚੋਂ ਪਿੱਤਲ ਕੱਢਣ ਲਈ ਹਥੌੜਾ ਮਾਰ ਰਿਹਾ ਸੀ। ਇਸ ਦੌਰਾਨ ਬੰਬ ਫੱਟ ਗਿਆ ਅਤੇ ਬੈਜਨਾਥ ਦੇ ਸਰੀਰ ਦੇ ਚਿੱਥੜੇ ਉੱਡ ਗਏ।

ਹਾਦਸੇ ਵਾਲੇ ਸਥਾਨ 'ਤੇ ਪਹੁੰਚੇ ਸਾਗਰ ਦੇ ਐੱਸ.ਪੀ ਅਮਿਤ ਸਾਂਘੀ ਨੇ ਦੱਸਿਆ ਹੈ ਕਿ ਸ਼ੁਰੂਆਤੀ ਤੌਰ 'ਤੇ ਜਾਣਕਾਰੀ ਮਿਲੀ ਹੈ ਕਿ ਇਹ ਆਰਮੀ ਦੀ ਸੈਲ ਤੋਂ ਖਰੀਦਿਆਂ ਗਿਆ ਸੀ। ਹਾਦਸੇ ਸਬੰਧੀ ਜਾਣਕਾਰੀ ਆਰਮੀ ਨੂੰ ਵੀ ਦਿੱਤੀ ਗਈ ਹੈ। ਐੱਸ.ਪੀ ਸਾਂਘੀ ਨੇ ਇਹ ਵੀ ਦੱਸਿਆ ਹੈ ਕਿ ਪੁਲਸ ਦਾ ਬੰਬ ਦਸਤਾ (ਬੀ.ਡੀ.ਐੱਸ) ਵੀ ਜਾਂਚ ਕਰ ਰਿਹਾ ਹੈ ਅਤੇ ਦੁਕਾਨ 'ਤੇ ਮੌਜੂਦ ਹੋਰ ਕਬਾੜ ਦੀ ਤਲਾਸ਼ੀ ਵੀ ਕੀਤੀ ਜਾ ਰਹੀ ਹੈ।

Iqbalkaur

This news is Content Editor Iqbalkaur