ਮੱਧ ਪ੍ਰਦੇਸ਼ : ਉਸਾਰੀ ਅਧੀਨ ਇਮਾਰਤ ਡਿੱਗੀ, 2 ਦੀ ਮੌਤ ਤੇ 23 ਜ਼ਖਮੀ

04/17/2018 1:12:36 AM

ਜਬਲਪੁਰ— ਤਿਲਵਾਰਾ ਪੁਲਸ ਥਾਣਾ ਅਧੀਨ ਬਰਗੀ ਹਿਲਸ ਨੇੜੇ ਉਸਾਰੀ ਅਧੀਨ ਇਮਾਰਤ ਦੇ 2 ਥੰਮ ਅਚਾਨਕ ਡਿੱਗ ਗਏ। ਇਮਾਰਤ ਦੀ ਤੀਜੀ ਮੰਜ਼ਿਲ 'ਚ ਬੰਨ੍ਹੇ ਲੋਹੇ ਦੇ ਜਾਲ ਦੀ ਸੈਟਿੰਗ ਅਚਾਨਕ ਡਿੱਗ ਗਈ। ਜਿਸ ਦੇ ਹੇਠਾਂ ਆਉਣ ਕਾਰਨ 2 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 23 ਮਜ਼ਦੂਰ ਜ਼ਖਮੀ ਹੋ ਗਏ। ਵਧੀਕ ਸੁਪਰਡੈਂਟ ਪੁਲਸ ਐੱਸ ਸਾਹੂ ਨੇ ਦੱਸਿਆ ਕਿ ਉਸਾਰੀ ਅਧੀਨ ਬਹੁਮੰਜ਼ਿਲਾ ਕੌਸ਼ਲਿਆ ਹੋਮਜ਼ ਬਿਲਡਿੰਗ 'ਚ ਤੀਜ਼ੀ ਮੰਜ਼ਿਲ 'ਤੇ ਲੋਹੇ ਦਾ ਜਾਲ ਬੰਨ੍ਹਿਆ ਹੋਇਆ ਸੀ ਅਤੇ ਮਜ਼ਦੂਰ ਕੰਮ 'ਚ ਲੱਗੇ ਹੋਏ ਸਨ।
ਸੋਮਵਾਰ ਦੁਪਹਿਰ 3 ਵਜੇ ਬਿਲਡਿੰਗ ਦੀ ਤੀਜੀ ਮੰਜ਼ਿਲ 'ਤੇ ਬੰਨ੍ਹਿਆ ਸਰੀਏ ਦੇ ਜਾਲ ਦੀ ਅਚਾਨਕ ਸੈਂਟਿੰਗ ਵਿਗੜ ਗਈ, ਜਿਸ ਕਾਰਨ ਅਚਾਨਕ 2 ਥੰਮ ਡਿੱਗ ਗਏ ਅਤੇ 2 ਮਜ਼ਦੂਰਾਂ ਦੀ ਮੌਤ ਮੌਕੇ 'ਤੇ ਹੋ ਗਈ ਜਦਕਿ 23 ਮਜ਼ਦੂਰ ਜ਼ਖਮੀ ਹੋ ਗਏ। ਸੁਪਰਡੈਂਟ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਵਿਨੂੰ ਉਰਫ ਵਿਨੇ ਬਾਰੀ (36) ਨਿਵਾਸੀ ਕੰਜਡ ਮੁਹੱਲਾ ਥਾਣਾ ਬੇਲਬਾਗ ਅਤੇ ਸੁਨੀਲ ਦੁਬੇ (30) ਨਿਵਾਸੀ ਪਠਰਾ ਉਮਰਿਆ ਥਾਣਾ ਪਨਾਗਰ ਦੇ ਰੂਪ 'ਚ ਕੀਤੀ ਗਈ ਹੈ।
ਸਾਹੂ ਨੇ ਦੱਸਿਆ ਕਿ ਸੈਟਿੰਗ ਦੇ ਹੇਠਾਂ ਦੱਬੇ ਮਜ਼ਦੂਰਾਂ ਨੂੰ ਸਾਥੀ ਮਜ਼ਦੂਰਾਂ ਦੀ ਸਹਾਇਤਾ ਨਾਲ ਬਾਹਰ ਕੱਢਣ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਸਥਾਨਕ ਮੈਡੀਕਲ ਕਾਲਜ ਜਬਲਪੁਰ 'ਚ ਦਾਖਲ ਕਰਵਾਇਆ ਗਿਆ ਹੈ। ਜ਼ਖਮੀਆਂ 'ਚ 19 ਮਹਿਲਾਵਾਂ ਅਤੇ 13 ਪੁਰਸ਼ ਸ਼ਾਮਲ ਹਨ। ਘਟਨਾ ਦੀ ਜਾਣਕਾਰੀ ਮਿਲਣ 'ਤੇ ਘਟਨਸਥਾਨ 'ਤੇ ਪਹੁੰਚੀ ਜ਼ਿਲਾ ਕੁਲੈਕਟਰ ਛਵੀ ਭਾਰਦਵਾਜ ਨੇ ਦੱਸਿਆ ਕਿ ਘਟਨਾ ਦੀ ਜਾਂਚ ਕਰਵਾਈ ਜਾਵੇਗੀ ਅਤੇ ਜਾਂਚ ਦੀ ਜ਼ਿੰਮੇਵਾਰੀ ਉਪ ਮੰਡਲ ਮੈਜਿਸਟਰੇਟ ਪੱਧਰ ਦੇ ਅਧਿਕਾਰੀ ਨੂੰ ਸੌਂਪ ਦਿੱਤੀ ਜਾਵੇਗੀ।
ਛਵੀ ਨੇ ਕਿਹਾ ਕਿ ਜੇਕਰ ਜਾਂਚ 'ਚ ਨਿਰਮਾਣ ਦੌਰਾਨ ਕਿਸ ਪ੍ਰਕਾਰ ਦੀ ਕੋਈ ਲਾਪਰਾਵਾਹੀ ਪਾਈ ਜਾਂਦੀ ਹੈ ਤਾਂ ਬਿਲਡਰ ਖਿਲਾਫ ਐਫ. ਆਈ. ਆਰ. ਦਰਜ ਕਰਵਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਚਾਰ-ਚਾਰ ਲੱਖ ਰੁਪਏ ਦਿੱਤੇ ਜਾਣਗੇ ਅਤੇ ਜ਼ਖਮੀਆਂ ਦੇ ਮੁਫਤ ਇਲਾਜ ਲਈ ਹੁਕਮ ਦੇ ਦਿੱਤੇ ਗਏ ਹਨ ਅਤੇ ਉਨ੍ਹਾਂ ਨੂੰ ਇਲਾਜ ਤੋਂ ਬਾਅਦ ਸਰੀਰਕ ਅਪਾਹਜਤਾ ਦੇ ਆਧਾਰ 'ਤੇ ਮੁਆਵਜ਼ਾ ਵੀ ਦਿੱਤਾ ਜਾਵੇਗਾ।