ਵਿਆਹ ਸਮਾਰੋਹ ''ਚ ਤਾਲਾਬੰਦੀ ਦੀਆਂ ਉੱਡੀਆਂ ਧੱਜੀਆਂ, ਸ਼ਾਮਲ ਹੋਏ 1,000 ਮਹਿਮਾਨ

05/26/2020 5:55:30 PM

ਅਲੀਰਾਜਪੁਰ (ਭਾਸ਼ਾ)— ਮੱਧ ਪ੍ਰਦੇਸ਼ ਦੇ ਅਲੀਰਾਜਪੁਰ ਜ਼ਿਲੇ ਵਿਚ ਜੋਬਟ ਪੁਲਸ ਥਾਣਾ ਖੇਤਰ ਦੇ ਬਿਲਾਸਾ ਪਿੰਡ ਵਿਚ ਤਾਲਾਬੰਦੀ ਦੇ ਨਿਯਮਾਂ ਦੀ ਉਲੰਘਣਾ ਕਰ ਕੇ ਇਕ ਪਟਵਾਰੀ ਵਲੋਂ ਆਪਣੇ ਵਿਆਹ ਸਮਾਰੋਹ ਵਿਚ 1,000 ਮਹਿਮਾਨਾਂ ਨੂੰ ਸੱਦਾ ਦਿੱਤਾ ਗਿਆ। ਸੂਚਨਾ ਮਿਲਣ 'ਤੇ ਪੁਲਸ ਨੇ ਲਾੜੇ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਹ  ਮੱਧ ਪ੍ਰਦੇਸ਼ ਦੇ ਬੈਤੁਲ ਜ਼ਿਲੇ 'ਚ ਪਟਵਾਰੀ ਇਸ ਅਹੁਦੇ 'ਤੇ ਹੈ। ਵਿਆਹ ਸਮਾਰੋਹ ਦੇ ਚਸ਼ਮਦੀਦ ਵਿਅਕਤੀ ਨੇ ਦੱਸਿਆ ਕਿ ਪਟਵਾਰੀ ਦੇ ਵਿਆਹ 'ਚ 1,000 ਤੋਂ ਵਧੇਰੇ ਲੋਕ ਸ਼ਾਮਲ ਸਨ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਅਣਦੇਖੀ ਕਰਦੇ ਹੋਏ ਨੱਚ ਰਹੇ ਸਨ ਅਤੇ ਵਿਆਹ ਸਮਾਰੋਹ ਦਾ ਆਨੰਦ ਮਾਣ ਰਹੇ ਸਨ।

ਚਸ਼ਮਦੀਦ ਨੇ ਦੱਸਿਆ ਕਿ ਵਿਆਹ 'ਚ ਸ਼ਾਮਲ ਮਹਿਮਾਨਾਂ ਨੇ ਇਸ ਦੌਰਾਨ ਮਾਸਕ ਵੀ ਨਹੀਂ ਪਹਿਨੇ ਸਨ। ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਏ ਗਏ ਤਾਲਾਬੰਦੀ ਦੇ ਨਿਯਮਾਂ ਤਹਿਤ ਵਿਆਹ ਵਰਗੇ ਸਮਾਰੋਹ 'ਚ ਵੱਧ ਤੋਂ ਵੱਧ 50 ਲੋਕ ਹੀ ਸ਼ਾਮਲ ਹੋ ਸਕਦੇ ਹਨ। ਓਧਰ ਜ਼ਿਲੇ ਦੇ ਐੱਸ. ਪੀ. ਵਿਪੁਲ ਸ਼੍ਰੀਵਾਸਤਵ ਨੇ ਦੱਸਿਆ ਕਿ ਕਿਸੇ ਵਿਅਕਤੀ ਨੇ ਪਟਵਾਰੀ ਦੇ ਵਿਆਹ ਸਮਾਰੋਹ ਦਾ ਮੋਬਾਇਲ ਤੋਂ ਵੀਡੀਓ ਬਣਾ ਕੇ ਪੁਲਸ ਨੂੰ ਸੂਚਿਤ ਕੀਤਾ।

ਇਸ ਤੋਂ ਬਾਅਦ ਪੁਲਸ ਨੇ ਸਮਾਰੋਹ ਦੀ ਵੀਡੀਓਗ੍ਰਾਫੀ ਕਰ ਕੇ ਲਾੜੇ ਕਾਨੂੰ ਚੌਹਾਨ ਵਿਰੁੱਧ ਭਾਰਤੀ ਸਜ਼ਾ ਜ਼ਾਬਤਾ ਦੀ ਧਾਰਾ-188 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਕ ਹੋਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀਆਂ ਵਿਰੁੱਧ ਲਾਗੂ ਸਾਰੀਆਂ ਧਾਰਾਵਾਂ ਜ਼ਮਾਨਤੀ ਹਨ, ਇਸ ਲਈ ਫਿਲਹਾਲ ਇਸ ਮਾਮਲੇ ਵਿਚ ਕਿਸੇ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ।

Tanu

This news is Content Editor Tanu