ਹੁਣ ਲਖਨਊ ਥਾਣੇ ਨੂੰ ਚੜ੍ਹਿਆ ਭਗਵਾਂ ਰੰਗ

01/08/2018 10:31:12 AM

ਲਖਨਊ— ਉੱਤਰ ਪ੍ਰਦੇਸ਼ ਨੂੰ ਸਜਿਹੇ ਸਜਿਹੇ ਭਗਵਾਂ ਰੰਗ ਚੜ੍ਹਦਾ ਜਾ ਰਿਹਾ ਹੈ। ਸੂਬੇ ਦੀ ਰਾਜਧਾਨੀ 'ਚ ਹੱਜ ਦਫ਼ਤਰ ਦੀਆਂ ਕੰਧਾਂ ਨੂੰ ਸੰਤਰੀ ਰੰਗ ਕੀਤੇ ਜਾਣ ਤੋਂ ਬਾਅਦ ਹੁਣ 80 ਸਾਲ ਪੁਰਾਣੇ ਥਾਣੇ ਨੂੰ ਭਗਵਾਂ ਰੰਗ 'ਚ ਰੰਗਿਆ ਜਾ ਰਿਹਾ ਹੈ। ਯੋਗੀ ਆਦਿੱਤਿਯਨਾਥ ਦੇ ਯੂ.ਪੀ. ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਭਗਵਾਂ ਰੰਗ ਸੂਬੇ ਦੀ ਪਛਾਣ ਬਣ ਗਿਆ ਹੈ। ਸਕੂਲੀ ਬਸਤਿਆਂ ਤੋਂ ਤੋਲੀਆ, ਕੁਰਸੀਆਂ ਤੋਂ ਲੈ ਕੇ ਬੱਸ ਤੱਕ ਨੂੰ ਭਗਵਾਂ ਰੰਗ ਚਾੜ੍ਹਿਆ ਗਿਆ ਹੈ। ਇਸ ਸੂਚੀ 'ਚ ਹੁਣ ਕੈਸਰ ਬਾਗ ਥਾਣਾ ਵੀ ਸ਼ਾਮਲ ਹੋ ਗਿਆ ਹੈ।
ਇਹ ਪੁਲਸ ਸਟੇਸ਼ਨ 1939 'ਚ ਉਸਾਰਿਆ ਗਿਆ ਸੀ ਅਤੇ ਇਸ ਨੂੰ ਪੀਲਾ ਅਤੇ ਲਾਲ ਰਵਾਇਤੀ ਰੰਗ ਕੀਤੇ ਗਏ ਸਨ ਪਰ ਹੁਣ ਇਸ ਦੇ ਕੁਝ ਥਮਲਿਆਂ ਅਤੇ ਇਮਾਰਤ ਦੇ ਕੁਝ ਹੋਰ ਹਿੱਸਿਆਂ ਨੂੰ ਭਗਵਾਂ ਰੰਗ ਚਾੜ੍ਹਿਆ ਜਾ ਰਿਹਾ ਹੈ। ਇੰਸਪੈਕਟਰ ਇੰਚਾਰਜ ਡੀ.ਕੇ. ਉਪਾਧਿਆਏ ਨੇ ਦੱਸਿਆ,''ਇਸ ਥਾਣੇ ਦੀ ਕਰੀਬ ਢਾਈ ਮਹੀਨੇ ਪਹਿਲਾਂ ਮੁਰੰਮਤ ਸ਼ੁਰੂ ਹੋਈ ਸੀ। ਮੁਰੰਮਤ ਕਾਰਜ ਅਧੂਰਾ ਹੈ, ਕਿਉਂਕਿ ਠੰਡ ਵਧਣ ਕਾਰਨ ਕਾਮੇ ਛੁੱਟੀ ਕਰ ਗਏ ਹਨ।'' ਦੱਸਣਯੋਗ ਹੈ ਕਿ ਪਿਛਲੇ ਸਾਲ ਅਕਤੂਬਰ 'ਚ ਲਾਲ ਬਹਾਦਰ ਸ਼ਾਸਤਰੀ ਭਵਨ, ਜਿਸ 'ਚ ਮੁੱਖ ਮੰਤਰੀ ਦਾ ਦਫ਼ਤਰ ਹੈ ਨੂੰ ਭਗਵਾਂ ਰੰਗ ਕੀਤਾ ਗਿਆ ਸੀ। ਯੋਗੀ ਦੇ ਕਾਰਜਭਾਰ ਸੰਭਾਲਣ ਤੋਂ ਬਾਅਦ ਸੂਬਾਈ ਸਕੱਤਰੇਤ ਦੇ ਮੂਹਰਲੇ ਹਿੱਸੇ ਨੂੰ ਭਗਵਾਂ ਰੰਗ 'ਚ ਰੰਗਿਆ ਗਿਆ ਸੀ। 
ਯੋਗੀ ਨੂੰ ਆਪਣੇ ਦਫ਼ਤਰ ਦੀ ਕੁਰਸੀ 'ਤੇ ਭਗਵੇਂ ਰੰਗ ਦੀਆਂ 50 ਬੱਸਾਂ ਨੂੰ ਹਰੀ ਝੰਡੀ ਦਿਖਾਈ ਸੀ। ਇਸ ਤੋਂ ਇਲਾਵਾ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਭਗਵੇਂ ਰੰਗ ਦੇ ਬਸਤੇ ਵੰਡੇ ਹਨ। ਜ਼ਿਕਰਯੋਗ ਹੈ ਕਿ ਹੱਜ ਦਫ਼ਤਰ ਦੀ ਚਾਰਦੀਵਾਰੀ ਦੇ 'ਭਗਵੇਂਕਰਨ' ਦੀ ਆਲੋਚਨਾ ਤੋਂ ਬਾਅਦ ਅਸਟੇਟ ਦਫ਼ਤਰ ਨੇ ਕੰਧਾਂ ਨੂੰ ਕਰੀਮ ਰੰਗ ਕਰ ਦਿੱਤਾ ਹੈ।