ਵਿਗਿਆਨੀਆਂ ਦਾ ਦਾਅਵਾ: ਸੁੰਘਣ ਦੀ ਸ਼ਕਤੀ ਘੱਟ ਹੋਣਾ ਵੀ ਹੋ ਸਕਦੈ ਕੋਰੋਨਾ ਦਾ ਲੱਛਣ

03/23/2020 6:12:55 PM

ਇੰਟਰਨੈਸ਼ਨਲ ਡੈਸਕ– ਕੋਰੋਨਾਵਾਇਰਸ ਨੂੰ ਲੈ ਕੇ ਦੁਨੀਆ ਭਰ ’ਚ ਦਹਿਸ਼ਤ ਦਾ ਮਹੌਲ ਹੈ। ਇਸ ਦੇ ਲੱਛਣਾਂ, ਬਚਾਅ ਅਤੇ ਇਲਾਜ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਹਨ। ਇਸ ਤੋਂ ਇਲਾਵਾ ਵਿਗਿਆਨੀ ਕੋਰੋਨਾਵਾਇਰਸ ਦਾ ਇਲਾਜ ਲੱਭਣ ’ਚ ਲੱਗੇ ਹੋਏ ਹਨ। ਇਸ ਵਿਚਕਾਰ ਫਰਾਂਸ ਅਤੇ ਬ੍ਰਿਟੇਨ ਦੇ ਵਿਗਿਆਨੀਆਂ ਵਲੋਂ ਇਸ ਦੇ ਲੱਛਣਾਂ ਨੂੰ ਲੈ ਕੇ ਹੈਰਾਨ ਕਰ ਦੇਣ ਵਾਲਾ ਦਾਅਵਾ ਕੀਤਾ ਗਿਆ ਹੈ। ਕੋਰੋਨਾਵਾਇਰਸ ਦਾ ਟੈਸਟ ਕਰ ਰਹੇ ਫਰਾਂਸੀਸੀ ਵਿਗਿਆਨੀਆਂ ਦਾ ਮੰਨਣਾ ਹੈ ਕਿ ਸੁੰਘਣ ਦੀ ਸ਼ਕਤੀ ਘੱਟ ਹੋਣਾ ਵੀ ਕੋਰੋਨਾਵਾਇਰਸ ਦਾ ਲੱਛਣ ਹੋ ਸਕਦਾ ਹੈ। 

ਫਰਾਂਸੀਸੀ ਸਿਹਤ ਸੇਵਾ ਦੇ ਪ੍ਰਮੁੱਖ ਜੇਰੋਮ ਸਲੋਮਨ ਦਾ ਕਹਿਣਾ ਹੈ ਕਿ ਅਚਾਨਕ ਸੁੰਘਣ ਦੀ ਸ਼ਕਤੀ ਗਾਇਬ ਹੋ ਜਾਣਾ ਖਤਰਨਾਕ ਹੁੰਦਾ ਹੈ ਅਤੇ ਇਹ ਕੋਰੋਨਾ ਦਾ ਲੱਛਣ ਵੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਖਾਸਕਰਕੇ ਨੌਜਵਾਨਾਂ ’ਚ ਇਸ ਸਮੱਸਿਆ ਦੇ ਲੱਛਣ ਹੋਣਾ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ। ਮਾਹਰਾਂ ਮੁਤਾਬਕ, ਇਸ ਸ਼ਕਤੀ ’ਚ ਕਮੀ ਦਾ ਹੋਣਾ ਕਈ ਵਾਰ ਗੰਭੀਰ ਰੂਪ ਵੀ ਲੈ ਸਕਦਾ ਹੈ। ਮਾਮਲਾ ਉਦੋਂ ਗੰਭੀਰ ਹੁੰਦਾ ਹੈ ਜਦੋਂ ਸਮੈਲ ਸੈਂਸ ਦੇ ਕਮਜ਼ੋਰ ਹੋਣ ਕਾਰਨ ਪੀੜਤ ਐੱਲ.ਪੀ.ਜੀ., ਪਲਾਸਟਿਕ ਵਾਇਰਿੰਗ ਦੇ ਸੜਨ ਜਾਂ ਭੋਜਨ ਦੇ ਖਰਾਬ ਹੋਣ ਦੀ ਸਮੈਲ ਨੂੰ ਮਹਿਸੂਸ ਕਰਨ ਤੋਂ ਵਾਂਝਾ ਰਹਿ ਜਾਂਦਾ ਹੈ। ਅਜਿਹੇ ’ਚ ਪਰੇਸ਼ਾਨੀਆਂ ਵਧਣ ਦੇ ਨਾਲ ਹੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ। 

ਮਾਹਰਾਂ ਦਾ ਮੰਨਣਾ ਹੈ ਕਿ ਆਮਤੌਰ ’ਤੇ ਲੋਕ ਸੁੰਘਣ ਦੀ ਸ਼ਕਤੀ ’ਚ ਕਮੀ ਆਉਣ ’ਤੇ ਵੀ ਇਲਾਜ ਜਾਂ ਚੈਕਅਪ ਦੀ ਲੋੜ ਨੂੰ ਟਾਲ ਦਿੰਦੇ ਹਨ ਜਦਕਿ ਇਸ ਤਕਲੀਫ ਨਾਲ ਵੀ ਗੰਭੀਰ ਖਤਰਾ ਹੋਣ ਦਾ ਖਤਰਾ ਹੋ ਸਕਦਾ ਹੈ। ਈ.ਐੱਨ.ਟੀ. ਯੂ.ਕੇ., ਜਾਂ ਯੂ.ਕੇ. ’ਚ ਕੰਨ, ਨੱਕ ਅਤੇ ਗਲੇ ਦੇ ਮਾਹਰਾਂ ਦੀ ਪ੍ਰਧਾਨਗੀ ਕਰਦਾ ਹੈ, ਨੇ ਸੁਝਾਅ ਦਿੱਤਾ ਹੈ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਮੌਜੂਦਾ ਲੱਛਣਾਂ ’ਚ ਸੁੰਘਣ ਦੀ ਸ਼ਕਤੀ ’ਚ ਕਮੀ ਨੂੰ ਵੀ ਜੋੜ ਲੈਣਾ ਚਾਹੀਦਾ ਹੈ। ਬ੍ਰਿਟਿਸ਼ ਰਾਈਨੋਲਾਜਿਕਲ ਸੋਸਾਇਟੀ ਦੇ ਇਕ ਬਿਆਨ ’ਚ ਕਿਹਾ ਗਿਆ, ਕੋਰੋਨਾਵਾਇਰਸ ਨਾਲ ਰੋਗੀਆਂ ’ਚ ਵਾਧਾ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਇਸ ਨਾਲ ਪ੍ਰਭਾਵਿਤ ਲੋਕਾਂ ’ਚ ਸੁੰਘਣ ਦੀ ਸ਼ਕਤੀ ਘੱਟ ਹੋਣ ਦੇ ਲੱਛਣ ਵੀ ਪਾਏ ਜਾ ਰਹੇ ਹਨ। 

ਵਿਗਿਆਨੀਆਂ ਮੁਤਾਬਕ, ਸੁੰਘਣ ਦੇ ਅਹਿਸਾਸ ’ਚ ਕਮੀ ਆਉਣ ਦੀ ਇਹ ਪਰੇਸ਼ਾਨੀ ਪੁਰਸ਼ਾਂ ਦੇ ਮੁਕਾਬਲੇ ਮਹਿਲਾਵਾਂ ਨੂੰ ਜ਼ਿਆਦਾ ਹੁੰਦੀ ਹੈ। ਇਥੇ ਪਰੇਸ਼ਾਨੀ ਵੀ ਵਧ ਜਾਂਦੀ ਹੈ ਕਿਉਂਕਿ ਖਾਣਾ ਤਿਆਰ ਕਰਨ ਜਾਂ ਰਸੋਈ ’ਚ ਰਹਿਣ ਕਰਤਵ ਮਹਿਲਾਵਾਂ ਦੇ ਹਿੱਸੇ ਜ਼ਿਆਦਾ ਆਉਂਦਾ ਹੈ। ਸੁੰਘਣ ਦੀ ਇਹ ਕੁਦਰਤੀ ਸ਼ਕਤੀ ਤੁਹਾਡੇ ਲਈ ਚਿਤਾਵਨੀ ਦੇਣ ਵਾਲੇ ਸਾਧਣ ਦੇ ਰੂਪ ’ਚ ਮਹੱਤਵਪੂਰਨ ਹੁੰਦੀ ਹੈ। ਇਸ ਦੇ ਖਤਮ ਹੋਣ ’ਤੇ ‘ਐਨੋਸਮੀਆ’ ਦੀ ਸਥਿਤੀ ਬਣ ਜਾਂਦੀ ਹੈ। ਅਜਿਹੇ ’ਚ ਇਸ ਦਾ ਠੀਕ ਢੰਗ ਨਾਲ ਕੰਮ ਨਾ ਕਰਨਾ ਖਤਰਨਾਕ ਰੂਪ ਵੀ ਲੈ ਸਕਦਾ ਹੈ। 

Rakesh

This news is Content Editor Rakesh