ਦੇਸ਼ ਦੇ ਕਈ ਹਿੱਸਿਆਂ ’ਚ ਲਾਕਡਾਊਨ ਤੋੜਨ ਵਾਲਿਆਂ ’ਤੇ ਡਰੋਨ ਨਾਲ ਨਜ਼ਰ

04/06/2020 11:24:54 PM

ਨਵੀਂ ਦਿੱਲੀ– ਦੇਸ਼ ’ਚ ਲਾਕਡਾਊਨ ਕੋਈ ਸ਼ੌਕ ਨਾਲ ਨਹੀਂ ਲਗਾਇਆ ਗਿਆ ਹੈ, ਵਾਇਰਸ ਨਾ ਫੈਲੇ ਇਸ ਲਈ ਮਜਬੂਰੀ ’ਚ ਸਰਕਾਰ ਨੇ ਇਹ ਫੈਸਲਾ ਲਿਆ ਹੈ। ਇਸ ਲਾਕਡਾਊਨ ਦੀ ਪਾਲਣਾ ਕਰਵਾਉਣ ਲਈ ਪੁਲਸ ਨੂੰ ਭਾਰੀ ਜੱਦੋ-ਜਹਿਦ ਕਰਨੀ ਪੈ ਰਹੀ ਹੈ ਪਰ ਇਸ ਦੇ ਬਾਵਜੂਦ ਲੋਕ ਮੰਨਣ ਲਈ ਤਿਆਰ ਨਹੀਂ ਹਨ। ਅਜਿਹੇ ਲੋਕਾਂ ਲਈ ਪੁਲਸ ਨੇ ਨਵਾਂ ਤਰੀਕਾ ਕੱਢਿਆ ਹੈ। ਦੇਸ਼ ਦੇ ਕਈ ਹਿੱਸਿਆਂ ’ਚ ਪੁਲਸ ਲਾਕਡਾਊਨ ਤੋੜ ਕੇ ਘਰਾਂ ਤੋਂ ਬਾਹਰ ਨਿਕਲਣ ਵਾਲਿਆਂ ’ਤੇ ਡਰੋਨ ਨਾਲ ਨਜ਼ਰ ਰੱਖ ਰਹੀ ਹੈ। ਯੂ. ਪੀ. ਦੇ ਮੁਰਾਦਾਬਾਦ, ਝਾਰਖੰਡ ਦੇ ਦੇਹਰਾਦੂਨ, ਪੰਜਾਬ ਦੇ ਮੋਗਾ, ਕੇਰਲ ਦੇ ਕੋਝੀਕੋਡ ’ਚ ਪੁਲਸ ਨੇ ਡਰੋਨ ਕੈਮਰੇ ਨਾਲ ਸ਼ਹਿਰ ਦੀਆਂ ਗਲੀਆਂ ਅਤੇ ਸੜਕਾਂ ’ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਲਈ ਪੁਲਸ ਨੇ ਪ੍ਰੋਫੈਸ਼ਨਲ ਡਰੋਨ ਚਾਲਕਾਂ ਨੂੰ ਹਾਇਰ ਕੀਤਾ ਹੈ ਜੋ ਕਿ ਭੀੜ-ਭੜੱਕੇ ਵਾਲੇ ਇਲਾਕਿਆਂ ’ਚ ਸਰਵੀਲਾਂਸ ਦਾ ਕੰਮ ਕਰ ਰਹੇ ਹਨ। ਦੇਹਰਾਦੂਨ ’ਚ ਡਰੋਨ ਚਲਾਉਣ ਵਾਲਿਆਂ ਦੀਆਂ ਤਿੰਨ ਟੀਮਾਂ ਕੰਮ ਕਰ ਰਹੀਆਂ ਹਨ। ਉਥੇ 56 ਲੋਕੇਸ਼ਨਾਂ ਨੂੰ ਸਰਵੀਲਾਂਸ ’ਤੇ ਰੱਖਿਆ ਗਿਆ ਹੈ। ਮੁਰਾਦਾਬਾਦ ’ਚ ਡਰੋਨ ਕੈਮਰਾ ਨਾ ਸਿਰਫ ਵੀਡੀਓ ਰਿਕਾਰਡਿੰਗ ਕਰ ਰਿਹਾ ਹੈ ਸਗੋਂ ਲਾਕਡਾਊਨ ਤੋੜਣ ਵਾਲਿਆਂ ਦੀਆਂ ਤਸਵੀਰਾਂ ਖਿੱਚ ਕੇ ਪੁਲਸ ਹੈੱਡਕੁਆਰਟਰ ’ਚ ਭੇਜ ਰਿਹਾ ਹੈ ਜਿਸ ਨਾਲ ਕਿ ਜੇਕਰ ਲੋਕ ਭੱਜ ਵੀ ਜਾਣਗੇ ਤਾਂ ਬਾਅਦ ’ਚ ਉਨ੍ਹਾਂ ਨੂੰ ਸਜ਼ਾ ਦਿੱਤੀ ਜਾ ਸਕੇ।
ਡਰੋਨ ਨਾਲ ਡੀ-ਇਨਫੈਕਟੈਂਟ ਦਾ ਸਪਰੇਅ, ਦਵਾਈਆਂ ਦੀ ਸਪਲਾਈ ਵੀ
ਲਾਕਡਾਊਨ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਤੋਂ ਇਲਾਵਾ ਵੀ ਡਰੋਨ ਦੀ ਵਰਤੋਂ ਕਈ ਕੰਮਾਂ ’ਚ ਹੋ ਰਹੀ ਹੈ ਜਿਵੇਂ ਕਿ ਡੀ-ਇਨਫੈਕਟੈਂਟ ਦਾ ਸਪਰੇਅ ਕਰਨਾ, ਬੀਮਾਰੀਆਂ ਦਾ ਸੰਕੇਤ ਦੇ ਰਹੇ ਲੋਕਾਂ ਦੇ ਸਮੂਹ ਦਾ ਪਤਾ ਲਗਾਉਣਾ, ਦਵਾਈਆਂ ਅਤੇ ਮੈਡੀਕਲ ਉਪਕਰਨਾਂ ਦੀ ਸਪਲਾਈ। ਇਸ ਕੰਮ ’ਚ ਕੁਝ ਖਾਸ ਫਰਮਾਂ ਲੱਗੀਆਂ ਹਨ। ਗਰੁੜ ਏਅਰੋ ਸਪੇਸ, ਮਾਰੂਤ ਡਰੋਨ, ਆਈ. ਆਈ. ਓ. ਟੈਕਨਾਲੋਜੀ, ਦਿ ਡਰੋਨ ਫੈੱਡਰੇਸ਼ਨ ਆਫ ਇੰਡੀਆ, ਡਰੋਨਮੈਨ ਆਦਿ ਦੂਜੀਆਂ ਫਰਮਾਂ ਨਾਲ ਸਹਿਯੋਗ ਕਰ ਕੇ ਲੋੜੀਂਦੀਆਂ ਚੀਜ਼ਾਂ ਨੂੰ ਡਰੋਨ ਨਾਲ ਭਿਜਵਾ ਰਹੀਆਂ ਹਨ। ਮਾਰੂਤ ਡਰੋਨ ਦੇ ਚੀਫ ਇਨੋਵੇਟਰ ਵਿਸ਼ਵਨਾਥ ਨੇ ਦੱਸਿਆ ਕਿ ਉਹ ਤੇਲੰਗਾਨਾ ਸਰਕਾਰ ਨਾਲ ਮਿਲ ਕੇ ਡਰੋਨ ਨਾਲ ਡੀ-ਇਨਫੈਕਟੈਂਟ ਸਪਰੇਅ ਦਾ ਕੰਮ ਕਰ ਰਹੇ ਹਨ। ਤਾਮਿਲਨਾਡੂ ਸਟੇਟ ਇਲੈਕਟ੍ਰੀਸਿਟੀ ਬੋਰਡ ਆਪਣੇ 25 ਸਬ ਸਟੇਸ਼ਨ ਡੀ-ਸੈਨੀਟਾਈਜ਼ ਕਰਵਾਉਣ ਲਈ ਡਰੋਨ ਦੀ ਮਦਦ ਲੈ ਰਿਹਾ ਹੈ।

Gurdeep Singh

This news is Content Editor Gurdeep Singh