ਲੰਬੀਆਂ ਪੂਛਾਂ ਵਾਲੇ ਕਰ ਗਏ ਫਰਿੱਜ ''ਸਾਫ''

06/25/2017 10:42:04 AM

ਮੁੰਬਈ - ਇਥੋਂ ਦੇ ਬਾਂਦਰਾ ਖੇਤਰ ਦੇ ਲੋਕ ਅੱਜਕਲ ਆਪਣੇ ਘਰਾਂ ਦੇ ਦਰਵਾਜ਼ੇ ਅਤੇ ਖਿੜਕੀਆਂ ਨੂੰ ਬੰਦ ਰੱਖਣ ਲਈ ਮਜਬੂਰ ਹਨ। ਇਸ ਦਾ ਕਾਰਨ ਇਹ ਨਹੀਂ ਕਿ ਉਹ ਮੀਂਹ ਤੋਂ ਬਚਣਾ ਚਾਹੁੰਦੇ ਹਨ ਸਗੋਂ ਅਸਲ ਗੱਲ ਇਹ ਹੈ ਕਿ ਇਥੇ ਬਾਂਦਰਾਂ ਦੀ ਇੰਨੀ ਭਰਮਾਰ ਹੈ ਕਿ ਉਹ ਘਰਾਂ ਅੰਦਰ ਅਚਾਨਕ ਦਾਖਲ ਹੋ ਕੇ ਲੋਕਾਂ ਦਾ ਖਾਣ-ਪੀਣ ਦਾ ਸਾਮਾਨ ਚੁੱਕ ਕੇ ਲੈ ਜਾਂਦੇ ਹਨ ਅਤੇ ਹੋਰ ਵੀ ਕਈ ਤਰ੍ਹਾਂ ਦਾ ਨੁਕਸਾਨ ਕਰ ਜਾਂਦੇ ਹਨ।
ਬੀਤੇ ਕੁਝ ਦਿਨਾਂ ਦੌਰਾਨ ਇਹ ਬਾਂਦਰ ਇਕ ਘਰ ਤੋਂ ਦੂਜੇ ਘਰ ਅੰਦਰ ਦਾਖਲ ਹੋ ਕੇ ਲੋਕਾਂ ਨੂੰ ਬੁਰੀ ਤਰ੍ਹਾਂ ਪ੍ਰੇਸ਼ਾਨ ਕਰ ਰਹੇ ਹਨ। ਚਾਰ ਬਾਂਦਰਾਂ ਨੇ ਤਾਂ ਦੋ ਦਿਨ ਪਹਿਲਾਂ ਹੱਦ ਹੀ ਕਰ ਦਿੱਤੀ। ਉਹ ਇਕ ਘਰ 'ਚ ਦਾਖਲ ਹੋਏ ਅਤੇ ਆਪਣੇ ਪੰਜਿਆਂ ਨਾਲ ਫਰਿੱਜ ਨੂੰ ਖੋਲ੍ਹ ਕੇ ਅੰਦਰ ਪਿਆ ਸਾਰਾ ਸਾਮਾਨ ਖਾ ਗਏ।
ਇਕ ਬਾਂਦਰ ਨੇ ਤਾਂ ਪਾਣੀ ਦੀ ਪਲਾਸਟਿਕ ਦੀ ਪਾਈਪ ਨੂੰ ਵੱਢ ਦਿੱਤਾ। ਉਸ ਨੂੰ ਸ਼ਾਇਦ ਪਿਆਸ ਲੱਗੀ ਹੋਵੇਗੀ। ਪਾਈਪ ਨੂੰ ਵੱਢੇ ਜਾਣ ਕਾਰਨ ਉਥੇ ਬਾਅਦ 'ਚ ਕੁਝ ਥਾਂ 'ਤੇ ਤਾਂ ਹੜ੍ਹ ਵਰਗੀ ਹਾਲਤ ਪੈਦਾ ਹੋ ਗਈ। ਇਕ ਵਿਅਕਤੀ ਨੇ ਦੱਸਿਆ ਕਿ ਕੁਝ ਬਾਂਦਰ ਤਾਂ ਇੰਨੇ ਤਾਕਤਵਰ ਹੁੰਦੇ ਹਨ ਕਿ ਕੁੰਡੀ ਲੱਗੀ ਖਿੜਕੀ ਨੂੰ ਵੀ ਧੱਕਾ ਮਾਰ ਕੇ ਤੋੜ ਦਿੰਦੇ ਹਨ ਅਤੇ ਘਰ ਅੰਦਰ ਪਈਆਂ ਸਬਜ਼ੀਆਂ ਤੇ ਫਲ ਆਦਿ ਖਾ ਜਾਂਦੇ ਹਨ। ਇਹ ਬਾਂਦਰ ਆਮ ਤੌਰ 'ਤੇ ਦਰੱਖਤਾਂ 'ਤੇ ਚੜ੍ਹ ਕੇ ਮਕਾਨਾਂ ਅੰਦਰ ਦਾਖਲ ਹੁੰਦੇ ਹਨ।
ਇਕ ਹੈਰਾਨੀ ਵਾਲੀ ਗੱਲ ਇਹ ਦੇਖਣ 'ਚ ਆਈ ਹੈ ਕਿ ਬਾਂਦਰਾਂ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਇਸ ਸਮੇਂ ਘਰ 'ਚ ਕੋਈ ਨਹੀਂ ਹੈ।  ਸਾਲ 'ਚ ਕੁਝ ਮਹੀਨੇ ਅਜਿਹੇ ਹੁੰਦੇ ਹਨ ਜਦੋਂ ਲੋਕ ਘਰਾਂ 'ਚ ਨਹੀਂ ਹੁੰਦੇ। ਬਾਂਦਰ ਅਜਿਹੇ ਸਮੇਂ ਦਾ ਹੀ ਲਾਭ ਉਠਾਉਂਦੇ ਹਨ।