ਬਿਹਾਰ 'ਚ NDA ਦੇ ਉਮੀਦਵਾਰਾਂ ਦਾ ਐਲਾਨ, ਸ਼ਤਰੂਘਨ ਸਿਨਹਾ ਦਾ ਕੱਟਿਆ ਗਿਆ ਪੱਤਾ

03/23/2019 12:29:51 PM

ਪਟਨਾ— ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਸਰਗਰਮ ਹੋ ਗਈਆਂ ਹਨ। ਭਾਜਪਾ ਦੀ ਗਠਜੋੜ ਵਾਲੀ ਸਰਕਾਰ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ (ਐੱਨ. ਡੀ. ਏ.) ਨੇ ਬਿਹਾਰ 'ਚ  40 ਸੀਟਾਂ 'ਚੋਂ 39 'ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਬਿਹਾਰ ਭਾਜਪਾ ਦੇ ਮੁਖੀ ਭੁਪਿੰਦਰ ਯਾਦਵ ਨੇ ਸੂਚੀ ਦਾ ਐਲਾਨ ਕੀਤਾ। ਇੱਥੇ ਦੱਸ ਦੇਈਏ ਕਿ ਬਿਹਾਰ ਵਿਚ ਭਾਜਪਾ, ਜਨਤਾ ਦਲ ਯੂਨਾਈਟੇਡ ਜਦ (ਯੂ) ਅਤੇ ਲੋਕ ਜਨਸ਼ਕਤੀ ਪਾਰਟੀ (ਲੋਜਪਾ) ਇਕੱਠੇ ਮਿਲ ਕੇ ਲੋਕ ਸਭਾ ਚੋਣਾਂ ਲੜਨਗੇ। ਭਾਜਪਾ ਅਤੇ ਜਦ (ਯੂ) 17-17 ਸੀਟਾਂ ਅਤੇ ਲੋਜਪਾ 6 ਸੀਟਾਂ 'ਤੇ ਆਪਣੀ ਕਿਸਮਤ ਅਜਮਾਏਗੀ।

ਖਾਸ ਗੱਲ ਇਹ ਹੈ ਕਿ ਪਟਨਾ ਸਾਹਿਬ ਤੋਂ ਰਵੀਸ਼ੰਕਰ ਪ੍ਰਸਾਦ ਨੂੰ ਟਿਕਟ ਦਿੱਤੀ ਗਈ ਹੈ। ਇਸ ਤਰ੍ਹਾਂ ਪਟਨਾ ਸਾਹਿਬ ਤੋਂ ਸ਼ਤਰੂਘਨ ਸਿਨਹਾ ਦਾ ਟਿਕਟ ਕੱਟਿਆ ਗਿਆ। ਬੇਗੂਸਰਾਏ ਤੋਂ ਭਾਜਪਾ ਦੇ ਗਿਰੀਰਾਜ ਸਿੰਘ ਚੋਣ ਲੜਨਗੇ। ਉਹ ਨਵਾਦਾ ਦੀ ਥਾਂ ਬੇਗੂਸਰਾਏ ਤੋਂ ਚੋਣ ਲੜਨਗੇ। ਸ਼ਾਹਨਵਾਜ਼ ਹੁਸੈਨ ਦਾ ਵੀ ਟਿਕਟ ਕੱਟਿਆ ਹੈ। ਖਗੜੀਆ ਸੀਟ 'ਤੇ ਅਜੇ ਉਮੀਦਵਾਰ ਐਲਾਨ ਨਹੀਂ ਹੋਇਆ ਹੈ, ਜੋ ਰਾਮਵਿਲਾਸ ਪਾਸਵਾਨ ਦੀ ਪਾਰਟੀ ਦੇ ਖਾਤੇ ਵਿਚ ਹੈ। ਦੱਸਣਯੋਗ ਹੈ ਕਿ ਬਿਹਾਰ ਵਿਚ ਐੱਨ. ਡੀ. ਏ. ਅਤੇ ਮਹਾਗਠਜੋੜ ਵਿਚ ਸਖਤ ਮੁਕਾਬਲਾ ਦੇਖਣ ਨੂੰ ਮਿਲੇਗਾ। 7 ਪੜਾਵਾਂ ਵਿਚ ਲੋਕ ਸਭਾ ਚੋਣਾਂ ਹੋਣੀਆਂ ਹਨ। 11 ਅਪ੍ਰੈਲ ਨੂੰ ਵੋਟਾਂ ਹੋਣਗੀਆਂ। 19 ਮਈ ਤਕ ਵੋਟਾਂ ਪੈਣਗੀਆਂ। 23 ਮਈ ਨੂੰ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ।

Tanu

This news is Content Editor Tanu