ਲਾਕਡਾਊਨ ਬਣਿਆ ''ਵਰਦਾਨ'', ਪਤਨੀ ਦੇ ਹੱਥਾਂ ਦਾ ਸੁਆਦੀ ਖਾਣੇ ਨੇ ਮੁਕਾਇਆ 7 ਸਾਲਾਂ ਦਾ ਕਲੇਸ਼

04/08/2020 3:51:51 PM

ਅਹਿਮਦਾਬਾਦ— ਕੋਰੋਨਾ ਵਾਇਰਸ ਕਰ ਕੇ ਪੂਰਾ ਦੇਸ਼ ਇਸ ਸਮੇਂ ਲਾਕਡਾਊਨ ਹੈ, ਜੋ ਕਿ 14 ਅਪ੍ਰੈਲ ਤਕ ਜਾਰੀ ਰਹੇਗਾ। ਲਾਕਡਾਊਨ ਕਈ ਘਰਾਂ 'ਚ ਮਾੜਾ ਅਤੇ ਕਿਤੇ ਚੰਗਾ ਸਾਬਤ ਹੋ ਰਿਹਾ ਹੈ। ਦਰਅਸਲ ਲਾਕਡਾਊਨ ਕਰ ਕੇ ਸਭ ਕੁਝ ਬੰਦ ਹੈ, ਦੁਕਾਨਾਂ, ਦਫਤਰ, ਬਜ਼ਾਰ, ਮਾਲ ਆਦਿ ਸਭ ਬੰਦ ਹਨ। ਸਕੂਲ-ਕਾਲਜ ਵੀ ਬੰਦ ਹਨ ਅਤੇ ਵਿਦਿਆਰਥੀ ਵੀ ਜ਼ਿਆਦਾਤਰ ਸਮਾਂ ਆਪਣੇ ਘਰਾਂ 'ਚ ਹੀ ਬਿਤਾ ਰਹੇ ਹਨ। ਲਾਕਡਾਊਨ ਕਰ ਕੇ ਪਤੀ-ਪਤਨੀ 'ਚ ਲੜਾਈ-ਝਗੜੇ ਦੇ ਮਾਮਲੇ ਵਧ ਰਹੇ ਹਨ ਪਰ ਗੁਜਰਾਤ 'ਚ ਲਾਕਡਾਊਨ ਅਹਿਮਦਾਬਾਦ ਦੇ ਜੋੜੇ ਲਈ ਵਰਦਾਨ ਸਾਬਤ ਹੋਇਆ। ਦਰਅਸਲ ਸੁਆਦੀ ਖਾਣੇ ਦੀ ਸ਼ੌਕੀਨ ਪਤੀ ਨੂੰ ਪਤਨੀ ਦੇ ਹੱਥਾਂ ਦਾ ਬਣਿਆ ਖਾਣਾ ਪਸੰਦ ਨਹੀਂ ਸੀ, ਇਸ ਲਈ ਉਹ ਪਿਛਲੇ 7 ਸਾਲਾਂ ਤੋਂ ਦਫਤਰ ਦੀ ਕੈਂਟੀਨ ਤੋਂ ਹੀ ਖਾਣਾ ਖਾਂਦਾ ਸੀ। 

ਪਤਨੀ ਨੇ ਕੁਕਿੰਗ ਕਲਾਸ ਤੋਂ ਸਿੱਖਿਆ ਚੰਗੇ ਪਕਵਾਨ—
ਵੱਡੀ ਗੱਲ ਇਹ ਹੈ ਕਿ ਅਹਿਮਦਾਬਾਦ ਤੋਂ ਵੜੋਦਰਾ ਟਰਾਂਸਫਰ ਹੋਣ 'ਤੇ ਜਦੋਂ ਉਹ ਛੁੱਟੀਆਂ 'ਚ ਘਰ ਅਹਿਮਦਾਬਾਦ ਆਉਂਦਾ ਤਾਂ ਜ਼ਮੈਟੋ, ਸਵਿੰਗੀ ਜਾਂ ਹੋਟਲ ਤੋਂ ਹੀ ਆਰਡਰ ਕਰ ਕੇ ਖਾਣਾ ਮੰਗਵਾ ਲੈਂਦਾ। ਉਹ ਇਸ ਗੱਲ ਤੋਂ ਬੇਖ਼ਬਰ ਸੀ ਕਿ ਉਸ ਦੀ ਪਤਨੀ ਖਾਣੇ ਨੂੰ ਲੈ ਕੇ ਆਏ ਦਿਨ ਹੋਣ ਵਾਲੇ ਕਲੇਸ਼ ਤੋਂ ਛੁਟਕਾਰਾ ਪਾਉਣ ਲਈ ਕੁਕਿੰਗ ਕਲਾਸ 'ਚ ਜਾ ਕੇ ਚੰਗੇ-ਚੰਗੇ ਪਕਵਾਨ ਬਣਾਉਣੇ ਸੀਖ ਚੁੱਕੀ ਹੈ। 

ਪਤਨੀ ਨੇ ਹੈਲਪਲਾਈਨ 'ਤੇ ਕੀਤੀ ਪਤੀ ਦੀ ਸ਼ਿਕਾਇਤ—
ਲਾਕਡਾਊਨ ਹੋਇਆ ਤਾਂ ਪਤੀ ਵੜੋਦਰਾ ਤੋਂ ਅਹਿਮਦਾਬਾਦ ਆ ਗਿਆ। ਘਰ 'ਚ ਸਿਰਫ 3 ਦਿਨ ਨਾਸ਼ਤਾ ਕੀਤਾ। ਇਸ ਗੱਲ ਤੋਂ ਗੁੱਸੇ 'ਚ ਆਏ ਪਤਨੀ ਨੇ ਹੈਲਪਲਾਈਨ 'ਤੇ ਫੋਨ ਕਰ ਕੇ ਪਤੀ ਦੀ ਸ਼ਿਕਾਇਤ ਕੀਤੀ। ਹੈਲਪਲਾਈਨ ਟੀਮ ਪੁੱਜੀ ਤਾਂ ਪਤੀ-ਪਤਨੀ ਵਿਚਾਲੇ ਝਗੜੇ ਨੂੰ ਜਾਣਨ ਦੀ ਕੋਸ਼ਿਸ਼ ਕੀਤੀ। ਪਤਨੀ ਨੇ ਦੱਸਿਆ ਸੁਆਦੀ ਖਾਣੇ ਲਈ ਉਸ ਨੇ ਕੁਕਿੰਗ ਕਲਾਸ ਤੋਂ ਖਾਣਾ ਬਣਾਉਣ ਸੀਖ ਲਿਆ ਹੈ ਪਰ ਪਤੀ ਫਿਰ ਵੀ ਨਹੀਂ ਖਾਉਂਦੇ। 

ਇੰਝ ਖਤਮ ਹੋਇਆ 7 ਸਾਲਾਂ ਦਾ ਕਲੇਸ਼—
ਇਸ ਗੱਲ ਨੂੰ ਟੀਮ ਨੇ ਸਮਝਾਇਆ ਕਿ ਇਕ ਵਾਰ ਪਤਨੀ ਦੇ ਹੱਥਾਂ ਦਾ ਬਣਿਆ ਖਾਣਾ ਖਾਵੇ। ਪਤੀ ਨਹੀਂ ਮੰਨਿਆ, ਹੈਲਪਲਾਈਨ ਟੀਮ ਨੇ ਪਤੀ ਨੂੰ ਭਰੋਸਾ ਦਿੱਤਾ ਕਿ ਜੇਕਰ ਪਤਨੀ ਦੇ ਹੱਥਾਂ ਦਾ ਖਾਣਾ ਪਸੰਦ ਨਾ ਆਇਆ ਤਾਂ ਉਹ ਉਸ ਲਈ ਡੱਬੇ ਵਾਲੇ ਖਾਣੇ ਦੀ ਵਿਵਸਥਾ ਕਰਨਗੇ। ਜਿਸ ਤੋਂ ਬਾਅਦ ਪਤੀ ਨੇ ਇਹ ਗੱਲ ਮੰਨੀ। ਉਸ ਨੇ ਪਤਨੀ ਵਲੋਂ ਪਰੋਸੀ ਗਈ ਥਾਲੀ ਨੂੰ ਖਾਧਾ ਵੀ ਅਤੇ ਪਤਨੀ ਦੀ ਤਾਰੀਫ ਵੀ ਕੀਤੀ। ਇਸ ਤਰ੍ਹਾਂ 7  ਸਾਲਾਂ ਦਾ ਕਲੇਸ਼ ਵੀ ਖਤਮ ਹੋ ਗਿਆ।
 

Tanu

This news is Content Editor Tanu