ਲਾਕਡਾਊਨ : ਗੁਜਰਾਤ 'ਚ ਫਸੇ UK ਦੇ ਨਾਗਰਿਕਾਂ ਨੂੰ ਵਾਪਸ ਲੈ ਕੇ ਜਾਣਗੇ 'ਬ੍ਰਿਟਿਸ਼ ਏਅਰਵੇਜ਼' ਦੇ ਜਹਾਜ਼

04/12/2020 5:42:30 PM

ਅਹਿਮਦਾਬਾਦ (ਭਾਸ਼ਾ)— ਦੇਸ਼ 'ਚ ਲਾਗੂ ਲਾਕਡਾਊਨ ਕਾਰਨ ਗੁਜਰਾਤ ਵਿਚ ਫਸੇ 900 ਬ੍ਰਿਟਿਸ਼ ਨਾਗਰਿਕਾਂ ਨੂੰ ਆਉਣ ਵਾਲੇ ਕੁਝ ਦਿਨਾਂ 'ਚ 'ਬ੍ਰਿਟਿਸ਼ ਏਅਰਵੇਜ਼' ਦੀਆਂ 3 ਉਡਾਣਾਂ ਜ਼ਰੀਏ ਵਾਪਸੀ ਹੋਵੇਗੀ। ਅਹਿਮਦਾਬਾਦ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਸਰਦਾਰ ਵੱਲਭ ਭਾਈ ਪਟੇਲ ਕੌਮਾਂਤਰੀ ਹਵਾਈ ਅੱਡੇ 'ਤੇ ਬ੍ਰਿਟਿਸ਼ ਏਅਰਵੇਜ਼ ਦੀਆਂ 3 ਉਡਾਣਾਂ ਨੂੰ ਇੱਥੇ ਫਸੇ ਬ੍ਰਿਟਿਸ਼ ਨਾਗਰਿਕਾਂ ਨੂੰ ਲੈ ਕੇ ਜਾਣ ਲਈ ਉਡਾਣ ਭਰਨ ਦੀ ਮਨਜ਼ੂਰੀ ਦਿੱਤੀ ਜਾਵੇਗੀ। ਹਵਾਈ ਅੱਡੇ ਵਲੋਂ ਜਾਰੀ ਬਿਆਨ 'ਚ ਜਾਣਕਾਰੀ ਦਿੱਤੀ ਗਈ ਕਿ ਉਡਾਣ ਨੰਬਰ ਬੀਏ9113ਸੀ, ਬੀਏ9117ਸੀ ਅਤੇ ਬੀਏ9117ਸੀ ਨੂੰ ਕ੍ਰਮਵਾਰ 13, 15 ਅਤੇ 17 ਅਪ੍ਰੈਲ ਨੂੰ ਹਵਾਈ ਅੱਡੇ ਤੋਂ ਚਲਾਇਆ ਜਾਵੇਗਾ। ਇਸ ਵਿਚ ਕਿਹਾ ਗਿਆ ਕਿ ਅਜਿਹਾ ਅਨੁਮਾਨ ਹੈ ਕਿ ਅਹਿਮਦਾਬਾਦ ਤੋਂ ਰਵਾਨਾ ਹੋਣ ਵਾਲੀਆਂ ਇਨ੍ਹਾਂ ਉਡਾਣਾਂ 'ਚੋਂ ਹਰੇਕ 'ਚ ਕਰੀਬ 300 ਯਾਤਰੀ ਸਵਾਰ ਹੋਣਗੇ।

ਇਹ ਵੀ ਪੜ੍ਹੋ : ਭਾਰਤ 'ਚ ਫਸੇ ਆਪਣੇ 3,000 ਨਾਗਰਿਕਾਂ ਨੂੰ ਵਾਪਸ ਲਿਜਾਵੇਗਾ 'ਇੰਗਲੈਂਡ', ਭੇਜੇਗਾ ਸਪੈਸ਼ਲ ਪਲੇਨ

ਬਿਆਨ 'ਚ ਕਿਹਾ ਗਿਆ ਕਿ ਦੋ ਜਹਾਜ਼ ਇੱਥੇ ਲੰਡਨ ਦੇ ਹੀਥਰੋ ਹਵਾਈ ਅੱਡੇ ਤੋਂ ਆਉਣਗੇ ਅਤੇ ਬ੍ਰਿਟਿਸ਼ ਰਾਜਧਾਨੀ ਲਈ 13 ਅਤੇ 15 ਅਪ੍ਰੈਲ ਨੂੰ ਰਵਾਨਾ ਹੋਣਗੇ। ਤੀਜਾ ਜਹਾਜ਼ 17 ਅਪ੍ਰੈਲ ਨੂੰ ਹੈਦਰਾਬਾਦ ਪਹੁੰਚੇਗਾ ਅਤੇ ਉਸੇ ਦਿਨ ਰਵਾਨਾ ਹੋ ਜਾਵੇਗਾ। ਯਾਤਰੀਆਂ ਦੀ ਸਹੂਲਤ ਅਤੇ ਸਮਾਜਿਕ ਦੂਰੀ ਨੂੰ ਧਿਆਨ 'ਚ ਰੱਖਦਿਆਂ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਵਿਸ਼ੇਸ਼ ਇੰਤਜ਼ਾਮ ਕੀਤੇ ਜਾਣਗੇ। ਇਸ ਵਿਚ ਕਿਹਾ ਗਿਆ ਕਿ ਹਵਾਈ ਅੱਡਾ ਸਾਰੇ ਯਾਤਰੀਆਂ ਤੋਂ ਮੌਕੇ 'ਤੇ ਤਾਇਨਾਤ ਕਰਮਚਾਰੀਆਂ ਦੇ ਨਿਰਦੇਸ਼ਾਂ ਦਾ ਪਾਲਣ ਕਰਨ ਦੀ ਬੇਨਤੀ ਕਰਦਾ ਹੈ। ਹਵਾਈ ਅੱਡੇ ਦੇ ਡਾਇਰੈਕਟਰ ਮਨੋਜ ਗੰਗਲ ਬ੍ਰਿਟਿਸ਼ ਹਾਈ ਕਮਿਸ਼ਨ ਦੇ ਲਗਾਤਾਰ ਸੰਪਰਕ ਵਿਚ ਹਨ, ਜਿਸ ਨਾਲ ਯਾਤਰੀਆਂ ਨੂੰ ਕੋਈ ਅਸਹੂਲਤ ਨਾ ਹੋਵੇ।

Tanu

This news is Content Editor Tanu