ਲਾਕ ਡਾਊਨ ਨਾਲ ਕੁਦਰਤ ਨੇ ਲਿਆ ਸੁੱਖ ਦਾ ਸਾਹ, ਸਾਫ ਹੋਈ ''ਗੰਗਾ''

04/02/2020 4:04:07 PM

ਨਵੀਂ ਦਿੱਲੀ (ਭਾਸ਼ਾ)— ਕੋਰੋਨਾ ਵਾਇਰਸ ਮਹਾਮਾਰੀ ਦੀ ਵਜ੍ਹਾ ਕਰ ਕੇ ਦੇਸ਼ ਭਰ 'ਚ ਲਾਕ ਡਾਊਨ ਹੈ। ਲਾਕ ਡਾਊਨ ਤੋਂ ਬਾਅਦ ਗੰਗਾ ਨਦੀ ਦੀ ਸਾਫ-ਸਫਾਈ 'ਚ ਵੱਡਾ ਸੁਧਾਰ ਦੇਖਿਆ ਗਿਆ ਹੈ, ਕਿਉਂਕਿ ਇਸ 'ਚ ਉਦਯੋਗਿਕ ਇਕਾਈਆਂ ਦਾ ਕੂੜਾ ਜਾਂ ਹੋਰ ਗੰਦਗੀ ਨੂੰ ਨਹੀਂ ਸੁੱਟਿਆ ਜਾ ਰਿਹਾ ਜਾਂ ਇੰਝ ਕਹਿ ਲਿਆ ਜਾਵੇ ਕਿ ਇਸ 'ਚ ਕਮੀ ਆਈ ਹੈ। ਮਾਹਰਾਂ ਨੇ ਇਹ ਗੱਲ ਆਖੀ ਹੈ। ਲਾਕ ਡਾਊਨ 24 ਮਾਰਚ ਦੀ ਰਾਤ ਤੋਂ ਲਾਗੂ ਹੈ। 24 ਮਾਰਚ ਤੋਂ ਦੇਸ਼ ਦੀ 1.30 ਕਰੋੜ ਆਬਾਦੀ ਘਰਾਂ 'ਚ ਹੀ ਬੰਦ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਮੁਤਾਬਕ ਜ਼ਿਆਦਾਤਰ ਨਿਗਰਾਨੀ ਕੇਂਦਰਾਂ 'ਚ ਗੰਗਾ ਨਦੀ ਦੇ ਪਾਣੀ ਨੂੰ ਨਹਾਉਣ ਦੇ ਲਾਇਕ ਪਾਇਆ ਗਿਆ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਮੁਤਾਬਕ ਗੰਗਾ ਨਦੀ ਦੇ ਵੱਖ-ਵੱਖ ਬਿੰਦੂਆਂ 'ਤੇ ਸਥਿਤ 36 ਨਿਗਰਾਨੀ ਇਕਾਈਆਂ 'ਚ ਕਰੀਬ 27 ਬਿੰਦੂਆਂ 'ਤੇ ਪਾਣੀ ਦੀ ਗੁਣਵੱਤਾ ਨਹਾਉਣ, ਜੰਗਲੀ ਜੀਵਾਂ ਤੇ ਮੱਛੀ ਪਾਲਣ ਲਈ ਸਹੀ ਪਾਈ ਗਈ ਹੈ। 



ਮਾਹਰਾਂ ਨੇ ਕਿਹਾ ਕਿ ਖਾਸ ਤੌਰ 'ਤੇ ਉਦਯੋਗਿਕ ਖੇਤਰਾਂ ਦੇ ਆਲੇ-ਦੁਆਲੇ ਲਾਕ ਡਾਊਨ ਹੋਣ ਨਾਲ ਗੰਗਾ ਨਦੀ ਦੇ ਪਾਣੀ ਦੀ ਗੁਣਵੱਤਾ 'ਚ ਸੁਧਾਰ ਹੋਇਆ ਹੈ। ਵਾਤਾਵਰਣ ਪ੍ਰੇਮੀ ਮਨੋਜ ਮਿਸ਼ਰਾ ਨੇ ਕਿਹਾ ਕਿ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਲਈ ਉਦਯੋਗਾਂ ਤੋਂ ਹੋ ਰਹੇ ਪ੍ਰਦੂਸ਼ਣ ਦੇ ਪੱਧਰ ਦਾ ਅਧਿਐਨ ਕਰਨ ਦਾ ਇਹ ਬਹੁਤ ਸਹੀ ਸਮਾਂ ਹੈ। ਹਾਲਾਂਕਿ ਕਾਫੀ ਸੁਧਾਰ ਦੇਖਿਆ ਗਿਆ ਹੈ, ਜਿੱਥੋਂ ਵੱਡੀ ਮਾਤਰਾ 'ਚ ਉਦਯੋਗਿਕ ਕੂੜਾ ਨਿਕਲਦਾ ਹੈ ਅਤੇ ਇਸ ਨੂੰ ਨਦੀਆਂ 'ਚ ਸੁੱਟਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਗੰਗਾ ਦੀਆਂ ਸਹਾਇਕ ਨਦੀਆਂ ਜਿਵੇਂ ਕਿ ਹਿੰਡਨ ਅਤੇ ਯਮੁਨਾ 'ਚ ਵੀ ਪਾਣੀ ਦੀ ਗੁਣਵੱਤਾ 'ਚ ਸੁਧਾਰ ਦੇਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਲਾਕ ਡਾਊਨ ਦੇ ਸਮੇਂ 'ਚ ਆਉਣ ਵਾਲੇ ਦਿਨਾਂ 'ਚ ਗੰਗਾ ਦੇ ਪਾਣੀ ਦੀ ਗੁਣਵੱਤਾ 'ਚ ਹੋਰ ਸੁਧਾਰ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਗੰਗਾ ਨਦੀ ਦੇ ਪਾਣੀ ਦੀ ਗੁਣਵੱਤਾ 'ਚ ਸੁਧਾਰ ਬਾਰੇ ਅਜੇ ਤਕ ਕੋਈ ਅਧਿਕਾਰਤ ਰਿਪੋਰਟ ਜਾਰੀ ਨਹੀਂ ਕੀਤੀ ਗਈ ਹੈ।

Tanu

This news is Content Editor Tanu