ਭਾਰਤ-ਪਾਕਿ ਤਣਾਅ ਵਿਚਾਲੇ ਮੁੜ ਸ਼ੁਰੂ ਹੋਈ ‘ਪੈਗਾਮ-ਏ-ਅਮਨ’ ਬਸ ਸੇਵਾ

08/27/2019 3:51:08 PM

ਇਸਾਲਾਮਾਬਾਦ/ਜੰਮੂ— ਜੰਮੂ ਕਸ਼ਮੀਰ ਦੇ ਪੁੰਛ ਤੇ ਪੀਓਕੇ ’ਚ ਸਥਿਤ ਰਾਵਲਕੋਟ ਦੇ ਵਿਚਾਲੇ ‘ਪੈਗਾਮ-ਏ-ਅਮਨ’ ਬਸ ਸੇਵਾ ਸੋਮਵਾਰ ਤੋਂ ਦੁਬਾਰਾ ਸ਼ੁਰੂ ਹੋ ਗਈ। ਇਸ ਬਸ ਸੇਵਾ ਨੂੰ ਇਕ ਹਫਤੇ ਦੇ ਲਈ ਰੱਦ ਕਰ ਦਿੱਤਾ ਗਿਆ ਸੀ। ਇਸ ਦੇ ਦੁਬਾਰਾ ਸ਼ੁਰੂ ਹੋਣ ਨਾਲ 46 ਫਸੇ ਮੁਸਾਫਿਰ ਆਪਣੇ ਘਰਾਂ ਲਈ ਰਵਾਨਾ ਹੋਏ। ਇਨ੍ਹਾਂ ’ਚ 40 ਲੋਕ ਪੀਓਕੇ ਦੇ ਸਨ।

ਇਹ ਹਫਤਾਵਾਰ ਬਸ ਸੇਵਾ 19 ਅਗਸਤ ਨੂੰ ਰੱਦ ਕਰ ਦਿੱਤਾ ਗਿਆ ਸੀ ਕਿਉਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਅਧਿਕਾਰੀਆਂ ਨੇ ਬਸ ਨੂੰ ਕੰਟਰੋਲ ਲਾਈਨ ਪਾਰ ਭੇਜਣ ਨੂੰ ਲੈ ਕੇ ਭਾਰਤੀ ਅਧਿਕਾਰੀਆਂ ਨੂੰ ਕੋਈ ਜਵਾਬ ਨਹੀਂ ਦਿੱਤਾ ਸੀ। ਦੱਸ ਦਈਏ ਕਿ ਹਰ ਸੋਮਵਾਰ ਨੂੰ ਚੱਲਣ ਵਾਲੀ ਇਹ ਬਸ ਸੇਵਾ ਪਾਕਿਸਤਾਨ ਵਲੋਂ ਵਾਰ-ਵਾਰ ਕੀਤੇ ਜਾਣ ਵਾਲੇ ਜੰਗਬੰਦੀ ਦੇ ਉਲੰਘਣ ਤੋਂ ਪੈਦਾ ਹੋਏ ਤਣਾਅ ਦੇ ਵਿਚਾਲੇ ਵੀ ਨਹੀਂ ਰੁਕੀ ਸੀ।

ਪੁੰਛ ਜ਼ਿਲਾ ਵਿਕਾਸ ਕਮਿਸ਼ਨਰ ਰਾਹੁਲ ਯਾਦਵ ਨੇ ਕਿਹਾ ਕਿ ‘ਪੈਗਾਮ-ਏ-ਅਮਨ’ ਬਸ ਸੇਵਾ ਸ਼ੁਰੂ ਹੋ ਗਈ ਹੈ। ਸੋਮਵਾਰ ਨੂੰ ਪਾਕਿਸਤਾਨ ਦੇ ਕੰਟਰੋਲ ਵਾਲੇ ਕਸ਼ਮੀਰ ਦੇ 40 ਤੇ 6 ਭਾਰਤੀ ਯਾਤਰੀ ਆਪਣੇ-ਆਪਣੇ ਘਰਾਂ ਲਈ ਰਵਾਨਾ ਹੋਏ। ਉਨ੍ਹਾਂ ਨੇ ਕਿਹਾ ਕਿ ਈਦ-ਉਲ-ਅਧਾ ਤੋਂ ਇਕ ਹਫਤਾ ਪਹਿਲਾਂ ਆਪਣੇ ਰਿਸ਼ਤੇਦਾਰਾਂ ਨਾਲ ਮਿਲਣ ਜੰਮੂ-ਕਸ਼ਮੀਰ ਦੇ ਪੁੰਛ ਪਹੁੰਚੇ ਦੋ ਹੋਰ ਪੀਓਕੇ ਯਾਤਰੀਆਂ ਦਾ ਪਰਮਿਟ ਖਤਮ ਹੋਣ ਵਾਲਾ ਹੈ। ਨਾਲ ਹੀ ਦੋਵਾਂ ਪਾਸਿਓਂ ਕੋਈ ਨਵਾਂ ਯਾਤਰੀ ਨਹੀਂ ਹੈ।

ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਵਲੋਂ ਜੰਮੂ-ਕਸ਼ਮੀਰ ਤੋਂ ਧਾਰਾ 370 ਕਮਜ਼ੋਰ ਕੀਤੇ ਜਾਣ ਤੇ ਇਸ ਸੂਬੇ ਨੂੰ ਦੋ ਕੇਂਦਰਸ਼ਾਸਤ ਪ੍ਰਦੇਸ਼ਾਂ ’ਚ ਵੰਡਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਦੀ ਸਥਿਤੀ ਬਣੀ ਹੋਈ ਹੈ। ਇਸ ਤੋਂ ਪਹਿਲਾਂ 2005 ’ਚ ਕਸ਼ਮੀਰ ’ਚ ਸ਼੍ਰੀਨਗਰ-ਮੁਜ਼ੱਫਰਾਬਾਦ ਤੇ ਜੂਨ 2006 ’ਚ ਜੰਮੂ ਖੇਤਰ ’ਚ ਪੁੰਛ-ਰਾਵਲਕੋਟ ਰਸਤੇ ਬਸ ਸੇਵਾ ਸ਼ੁਰੂ ਕੀਤੀ ਗਈ ਸੀ ਤਾਂਕਿ ਐੱਲ.ਓ.ਸੀ. ਦੇ ਦੋਵਾਂ ਪਾਸੇ ਵੰਡੇ ਪਰਿਵਾਰ ਮਿਲ ਸਕਣ।   

Baljit Singh

This news is Content Editor Baljit Singh