ਸ਼ਹੀਦ ਹਨੂੰਮਨਥੱਪਾ ਦੇ ਦੋਸਤ ਨੇ ਫਰੋਲਿਆ ਦੁੱਖ, ਕਿਹਾ- ਬਹੁਤ ਦਲੇਰ ਸੀ ਮੇਰਾ ਯਾਰ

02/11/2016 6:27:14 PM

ਹੁਵੱਲੀ— ਸਿਆਚਿਨ ''ਚ ਬਰਫ ਹੇਠਾਂ 6 ਦਿਨ ਤੱਕ ਦੱਬੇ ਰਹਿਣ ਤੋਂ ਬਾਅਦ ਜਿਊਂਦੇ ਕੱਢੇ ਗਏ ਲਾਂਸ ਨਾਇਕ ਹਨੂੰਮਨਥੱਪਾ ਦਾ ਨਵੀਂ ਦਿੱਲੀ ਸਥਿਤ ਆਰਮੀ ਦੇ ਆਰ. ਆਰ. ਹਸਪਤਾਲ ਵਿਚ ਵੀਰਵਾਰ ਯਾਨੀ ਕਿ ਅੱਜ ਦਿਹਾਂਤ ਹੋ ਗਿਆ। ਜਵਾਨ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਕਰਨਾਟਕ ਦੇ ਧਾਰਵਾੜ ਜ਼ਿਲੇ ਦੇ ਬੇਟਾਦੂਰ ਪਿੰਡ ਵਿਚ ਮਾਹੌਲ ਕਾਫੀ ਗ਼ਮਗੀਨ ਹੋ ਗਿਆ ਹੈ।
ਪਿੰਡ ਵਿਚ ਹਨੂੰਮਨਥੱਪਾ ਦੇ ਘਰ ਨੇੜੇ ਵੱਡੀ ਗਿਣਤੀ ਵਿਚ ਉਨ੍ਹਾਂ ਦੇ ਦੋਸਤ ਅਤੇ ਹੋਰ ਲੋਕ ਪਹੁੰਚੇ। ਹਾਲਾਂਕਿ ਉਨ੍ਹਾਂ ਦਾ ਪਰਿਵਾਰ ਅਜੇ ਇੱਥੇ ਨਹੀਂ ਹੈ। ਉਨ੍ਹਾਂ ਦੇ ਦਿਹਾਂਤ ਦੀ ਖਬਰ ਸੁਣਨ ਤੋਂ ਬਾਅਦ ਪਰਿਵਾਰ, ਦੋਸਤ ਅਤੇ ਹੋਰ ਲੋਕ ਰੋਣ ਲੱਗ ਪਏ। ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਹਨੂੰਮਨਥੱਪਾ ਆਪਣੇ ਪਿਤਾ ਦੇ ਦਿਹਾਂਤ ਤੋਂ ਬਾਅਦ ਮਿਹਨਤ ਕਰ ਕੇ ਅੱਗੇ ਵਧੇ ਅਤੇ ਗਰੀਬੀ ਤੋਂ ਬਾਹਰ ਨਿਕਲੇ। ਉਨ੍ਹਾਂ ਦੇ ਪਿਤਾ ਦਾ ਦਿਹਾਂਤ ਉਸ ਸਮੇਂ ਹੋ ਗਿਆ ਸੀ, ਜਦੋਂ ਉਹ ਸਿਰਫ ਇਕ ਸਾਲ ਦੇ ਸਨ।
ਹਨੂੰਮਨਥੱਪਾ ਨੇ ਮਜ਼ਦੂਰੀ ਦਾ ਕੰਮ ਕਰਦੇ ਹੋਏ ਪ੍ਰਾਇਮਰੀ ਤੱਕ ਸਿੱਖਿਆ ਹਾਸਲ ਕੀਤੀ। ਬਾਅਦ ''ਚ ਉਹ ਭਾਰਤੀ ਫੌਜ ''ਚ ਭਰਤੀ ਹੋਏ। ਉਨ੍ਹਾਂ ਦੇ ਬਚਪਨ ਦੇ ਇਕ ਦੋਸਤ ਨੇ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ ਨੂੰ ਲੈ ਕੇ ਪਿਛਲੇ ਹਫਤੇ ਤੋਂ ਪਿੰਡ ਵਾਸੀ ਲਗਾਤਾਰ ਪ੍ਰਾਰਥਨਾ ਕਰ ਰਹੇ ਸਨ। ਅਸੀਂ ਇਕ ਬਿਹਤਰੀਨ ਦੋਸਤ ਗੁਆ ਦਿੱਤਾ। ਭਾਰਤ ਦੇ ਸੱਚੇ ਪੁੱਤਰ ''ਤੇ ਸਾਨੂੰ ਮਾਣ ਹੈ, ਹਨੂੰਮਨਥੱਪਾ ਬਹੁਤ ਦਲੇਰ ਸੀ। ਸਾਡੀਆਂ ਪ੍ਰਾਰਥਨਾਵਾਂ ਅਸਫਲ ਸਾਬਤ ਹੋਈਆਂ। ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਕਿਹਾ ਕਿ ਹਨੂੰਮਨਥੱਪਾ ਦੇ ਦਿਹਾਂਤ ਦੀ ਖਬਰ ਸੁਣ ਕੇ ਉਹ ਅਤੇ ਪੂਰਾ ਕਰਨਾਟਕ ਦੁਖੀ ਹੈ। ਮੈਂ ਹਨੂੰਮਨਥੱਪਾ ਦੇ ਪਰਿਵਾਰ ਪ੍ਰਤੀ ਹਮਦਰਦੀ ਜ਼ਾਹਰ ਕਰਦਾ ਹਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਜਲਦੀ ਹੀ ਇਸ ਦੁੱਖ ਤੋਂ ਉਭਰਨ ਦੀ ਕਾਮਨਾ ਕਰਦਾ ਹਾਂ।

Tanu

This news is News Editor Tanu