ਬੇਨਾਮੀ ਸੰਪਤੀ: ਲਾਲੂ ਦੇ ਜੁਆਈ ਤੋਂ ਆਮਦਨ ਟੈਕਸ ਵਿਭਾਗ ਨੇ ਕੀਤੀ 8 ਘੰਟੇ ਤੱਕ ਪੁੱਛ-ਗਿੱਛ

06/23/2017 10:34:23 AM

ਨਵੀਂ ਦਿੱਲੀ— ਲਾਲੂ ਯਾਦਵ ਪਰਿਵਾਰ 'ਤੇ ਬੇਨਾਮੀ ਸੰਪਤੀ ਮਾਮਲੇ 'ਚ ਆਮਦਨ ਟੈਕਸ ਵਿਭਾਗ ਦਾ ਸ਼ਿਕੰਜਾ ਕੱਸਦਾ ਜਾ ਰਿਹਾ ਹੈ। ਵੀਰਵਾਰ ਨੂੰ ਲਾਲੂ ਦੀ ਬੇਟੀ ਮੀਸਾ ਭਾਰਤੀ ਦੇ ਪਤੀ ਸ਼ੈਲੇਸ਼ ਕੁਮਾਰ ਦਿੱਲੀ ਦੇ ਝੰਡੇਵਾਲਾਨ ਸਥਿਤ ਆਮਦਨ ਟੈਕਸ ਡਾਇਰੈਕਟੋਰੇਟ ਦਫ਼ਤਰ 'ਚ ਹਾਜ਼ਰ ਹੋਏ, ਉੱਥੇ ਵਿਭਾਗ ਦੇ ਅਫ਼ਸਰਾਂ ਨੇ ਕਰੀਬ 8 ਘੰਟਿਆਂ ਤੱਕ ਪੁੱਛ-ਗਿੱਛ ਕੀਤੀ। 
ਸ਼ੈਲੇਸ਼ ਤੋਂ ਉਨ੍ਹਾਂ ਦੇ ਕਾਰੋਬਾਰ ਅਤੇ ਕਮਾਈ ਬਾਰੇ ਪੁੱਛ-ਗਿੱਛ ਕੀਤੀ ਗਈ। ਉਨ੍ਹਾਂ ਤੋਂ ਵਿਨੇ ਮਿੱਤਲ ਤੋਂ ਰਿਸ਼ਤਿਆਂ ਬਾਰੇ ਵੀ ਪੁੱਛ-ਗਿੱਛ ਕੀਤੀ ਗਈ। ਵਿਭਾਗ ਦੇ ਸੂਤਰ ਇਹ ਮੰਨਦੇ ਹਨ ਕਿ ਵਿਨੇ ਮਿੱਤਲ ਵੀ ਮੀਸਾ ਭਾਰਤੀ ਦੇ ਕਾਲੇ ਧਨ ਨੂੰ ਸਫੇਦ ਕਰਨ ਵਾਲੇ ਮੁੱਖ ਵਿਅਕਤੀ ਹਨ ਅਤੇ ਉਨ੍ਹਾਂ ਨੇ ਹੀ ਵਿੱਤੀ ਸੇਵਾਵਾਂ ਲਈ ਸ਼ੈਲੇਸ਼ ਤੋਂ ਰਾਜੇਸ਼ ਅਗਰਵਾਲ ਦੀ ਪਛਾਣ ਕਰਵਾਈ ਸੀ। ਰਾਜੇਸ਼ ਅਗਰਵਾਲ ਨੂੰ ਕੁਝ ਦਿਨ ਪਹਿਲਾਂ ਹੀ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸ ਨੇ ਹੀ ਅਧਿਕਾਰੀਆਂ ਨੂੰ ਵਿਨੇ ਮਿੱਤਲ ਦਾ ਨਾਂ ਦੱਸਿਆ ਸੀ।
ਆਮਦਨ ਟੈਕਸ ਵਿਭਾਗ ਨੇ ਮੀਸਾ ਦੀ ਕੰਪਨੀ ਦੇ ਕਰਮਚਾਰੀਆਂ ਦੇ ਦਸਤਾਵੇਜ਼ੀ ਸਬੂਤ, ਕੰਪਨੀ ਦੇ ਦਸਤਾਵੇਜ਼ ਅਤੇ ਕਾਰੋਬਾਰੀ ਲੈਣ-ਦੇਣ ਦੇ ਵੇਰਵੇ ਮੰਗੇ ਹਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਸਾਰੇ ਸ਼ੇਲ ਕੰਪਨੀਆਂ ਹਨ ਅਤੇ ਮੀਸਾ ਅਤੇ ਸ਼ੈਲੇਸ਼ ਇਸ ਬਾਰੇ ਵਾਜਿਬ ਵੇਰਵੇ ਨਹੀਂ ਦੇ ਸਕਣਗੇ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਹੀ ਮੀਸਾ ਤੋਂ ਉਨ੍ਹਾਂ ਦੀਆਂ ਕਈ ਸੰਪਤੀਆਂ, ਕੰਪਨੀਆਂ ਨੂੰ ਅਨਸੈਕਯੋਰਡ ਲੋਨ, ਸੀ.ਏ. ਰਾਜੇਸ਼ ਅਗਰਵਾਲ ਨਾਲ ਸੰਪਰਕ ਅਤੇ ਕੰਪਨੀਆਂ ਦੇ ਕਰਮਚਾਰੀਆਂ ਬਾਰੇ ਪੁੱਛ-ਗਿੱਛ ਕੀਤੀ ਗਈ ਸੀ।