ਲਖੀਮਪੁਰ ਖੀਰੀ ਘਟਨਾ ਦਾ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਫ਼ਰਾਰ! ਨਹੀਂ ਹੋਇਆ ਪੁਲਸ ਸਾਹਮਣੇ ਪੇਸ਼

10/08/2021 12:22:14 PM

ਲਖਨਊ– ਲਖੀਮਪੁਰ ਕਾਂਡ ਦਾ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਅੱਜ ਯਾਨੀ ਸ਼ੁੱਕਰਵਾਰ ਨੂੰ ਕ੍ਰਾਮ ਬ੍ਰਾਂਚ ਸਾਹਮਣੇ ਪੇਸ਼ ਨਹੀਂ ਹੋਇਆ। ਪੁਲਸ ਆਸ਼ੀਸ਼ ਮਿਸ਼ਰਾ ਨੂੰ ਫੜਨ ਲਈ ਥਾਂ-ਥਾਂ ਛਾਪੇਮਾਰੀ ਕਰ ਰਹੀ ਹੈ। ਮਾਮਲਾ ਭਖਣ ਦੇ ਨਾਲ ਹੀ ਆਸ਼ੀਸ਼ ਮਿਸ਼ਰਾ ਫਰਾਰ ਹੋ ਗਿਆਹੈ, ਜਿਸ ਦੇ ਚਲਦੇ ਪੁਲਸ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਕ੍ਰਾਈਮ ਬ੍ਰਾਂਚ ਨੇ ਵੀਰਵਾਰ ਨੂੰ ਆਸ਼ੀਸ਼ ਦੇ ਘਰ ਦੇ ਬਾਹਰ ਨੋਟਿਸ ਚਿਪਕਾ ਕੇ ਸ਼ੁੱਕਰਵਾਰ ਸਵੇਰੇ 10 ਵਜੇ ਉਸ ਨੂੰ ਹਾਜ਼ਰ ਹੋਣ ਲਈ ਕਿਹਾ ਸੀ। ਦੱਸ ਦੇਈਏ ਕਿ ਐੱਫ.ਆਈ.ਆਰ. ’ਚ ਆਸ਼ੀਸ਼ ਮਿਸ਼ਰਾ ਦਾ ਨਾਂ ਹੈ। ਲਖੀਮਪੁਰ ਦੇ ਤਿਕੁਨੀਆ ’ਚ ਜਿੱਥੇ 4 ਕਿਸਾਨਾਂ ਦੀ ਮੌਤ ਹੋਈ ਸੀ, ਉਸ ਘਟਨਾ ’ਚ ਆਸ਼ੀਸ਼ ਮੁੱਖ ਦੋਸ਼ੀ ਹੈ। ਆਸ਼ੀਸ਼ ਮਿਸ਼ਰਾ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦਾ ਬੇਟਾ ਹੈ। ਦੂਜੇ ਪਾਸੇ ਆਸ਼ੀਸ਼ ਮਿਸ਼ਰਾ ਦੇ ਘਰ ਦੇ ਬਾਹਰ ਵੀ ਸੁੰਨ ਪਸਰੀ ਹੋਈ ਹੈ। ਉਹ ਘਰ ’ਚ ਮੌਜੂਦ ਨਹੀਂ ਹੈ। 

ਯੂ.ਪੀ. ਪੁਲਸ ਵਲੋਂ ਵੀਰਵਾਰ ਨੂੰ ਆਸ਼ੀਸ਼ ਮਿਸ਼ਰਾ ਨੂੰ ਲੈ ਕੇ ਇਕ ਬਿਆਨ ਆਇਆ ਸੀ। ਆਈ.ਜੀ. (ਲਖਨਊ ਰੇਂਜ) ਲਕਸ਼ਮੀ ਸਿੰਘ ਨੇ ਕਿਹਾ ਸੀ ਕਿ ਪੁਲਸ ਆਸ਼ੀਸ਼ ਮਿਸ਼ਰਾ ਦੀ ਭਾਲ ਕਰ ਰਹੀ ਹੈ, ਉਸ ਕੋਲੋਂ ਪੁੱਛਗਿੱਛ ਹੋਣੀ ਹੈ। ਇਹ ਬਿਆਨ ਹੈਰਾਨ ਕਰਨ ਵਾਲੀ ਇਸ ਲਈ ਸੀ ਕਿਉਂਕਿ ਇਸ ਤੋਂ ਪਹਿਲਾਂ ਤਕ ਆਸ਼ੀਸ਼ ਮਿਸ਼ਰਾ ਲਗਾਤਾਰ ਮੀਡੀਆ ਸਾਹਮਣੇ ਆ ਕੇ ਇੰਟਰਵਿਊ ਦੇ ਰਿਹਾ ਸੀ ਪਰ ਹੁਣ ਅਚਾਨਕ ਉਹ ਗਾਇਬ ਹੋ ਗਿਆ ਹੈ। 

ਦੋ ਦੋਸ਼ੀ ਹੋ ਚੁੱਕੇ ਹਨ ਗ੍ਰਿਫਤਾਰ
ਲਖੀਮਪੁਰ ਖੀਰੀ ਘਟਨਾ ’ਚ ਦੋ ਦੋਸ਼ੀਆਂ ਨੂੰ ਪੁਲਸ ਵੀਰਵਾਰ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਇਸ ਵਿਚ ਆਸ਼ੀਸ਼ ਪਾਂਡੇ ਅਤੇ ਲਵਕੁਸ਼ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਵੇਂ ਘਟਨਾ ’ਚ ਸ਼ਾਮਲ ਸਨ ਅਤੇ ਜ਼ਖ਼ਮੀ ਵੀ ਹੋਏ ਸਨ। ਪੁਲਸ ’ਤੇ ਦਬਾਅ ਬਣ ਰਿਹਾ ਸੀ ਕਿ ਘਟਨਾ ਦੇ ਇੰਨੇ ਦਿਨ ਬੀਤ ਜਾਣ ਦੇ ਬਾਵਜੂਦ ਅਜੇ ਤਕ ਕਿਸੇ ਤੋਂ ਨਾ ਤਾਂ ਪੁੱਛਗਿੱਛ ਹੋਈ ਅਤੇ ਨਾ ਹੀ ਕੋਈ ਗ੍ਰਿਫਤਾਰੀ ਹੋਈ। ਸੁਪਰੀਮ ਕੋਰਟ ਨੇ ਵੀ ਵੀਰਵਾਰ ਨੂੰ ਜਦੋਂ ਇਸ ਮਾਮਲੇ ਦੀ ਸੁਣਵਾਈ ਕੀਤੀ ਤਾਂ ਉਨ੍ਹਾਂ ਯੂ.ਪੀ. ਸਰਕਾਰ ਤੋਂ ਇਸ ਦੀ ਜਾਣਕਾਰੀ ਮੰਗੀ ਕਿ ਕੇਸ ਦੀ  ਮੌਜੂਦਾ ਸਟੇਟਸ ਰਿਪੋਰਟ ਕੀ ਹੈ। ਇਸ ਵਿਚ ਕਿੰਨੇ ਲੋਕਾਂ ਦੀ ਗ੍ਰਿਫਤਾਰੀ ਹੋਈ, ਕਿੰਨੀ ਐੱਫ.ਆਈ.ਆਰ., ਜਾਂਚ ਕਮਿਸ਼ਨਆਦਿ ਸਾਰੀਆਂ ਗੱਲਾਂ ਦੀ ਜਾਣਕਾਰੀ ਮੰਗੀ ਗਈ ਹੈ। 

Rakesh

This news is Content Editor Rakesh