ਵੈਕਸੀਨ ਟ੍ਰਾਇਲ ਤੋਂ ਬਾਅਦ ਆਦਿਵਾਸੀ ਮਜ਼ਦੂਰ ਦੀ ਵਿਗੜੀ ਸਿਹਤ, 8 ਦਿਨਾਂ ਬਾਅਦ ਮੌਤ

01/09/2021 1:50:26 PM

ਭੋਪਾਲ– ਰਾਜਧਾਨੀ ਭੋਪਾਲ ’ਚ ਕੋਰੋਨਾ ਵੈਕਸੀਨ ਟ੍ਰਾਇਲ ’ਚ ਸ਼ਾਮਲ ਇਕ ਨੌਜਵਾਨ ਦੀ ਮੌਤ ਨਾਲ ਕੋਵਿਡ-19 ਵੈਕਸੀਨ ਸਵਾਲਾਂ ਦੇ ਘੇਰੇ ’ਚ ਹੈ। ਕੋਵਿਡ ਵੈਕਸੀਨ ਦੇ 8 ਦਿਨਾਂ ਬਾਅਦ ਨੌਜਵਾਨ ਦੀ ਮੌਤ ਹੋ ਗਈ। ਪਤਨੀ ਦਾ ਦੋਸ਼ ਹੈ ਕਿ ਕੋਰੋਨਾ ਵੈਕਸੀਨ ਦੇ ਟ੍ਰਾਇਲ ਤੋਂ ਬਾਅਦ ਹੀ ਉਸ ਦੇ ਪਤੀ ਦੀ ਸਿਹਤ ਖ਼ਰਾਬ ਹੋ ਗਈ ਸੀ ਅਤੇ 8 ਦਿਨਾਂ ਬਾਅਦ ਉਸ ਨੇ ਦਮ ਤੋੜ ਦਿੱਤਾ। ਹਾਲਾਂਕਿ, ਸਿਹਤ ਮੰਤਰੀ ਪ੍ਰਭੂਰਾਮ ਚੌਧਰੀ ਨੇ ਕਿਹਾ ਹੈ ਕਿ ਨੌਜਵਾਨ ਦੀ ਮੌਤ ਕਿਸੇ ਜ਼ਹਿਰੀਲੇ ਪਦਾਰਥ ਨਾਲ ਹੋਈ ਹੈ। ਪੋਸਟਮਾਰਟਮ ਦੀ ਰਿਪੋਰਟ ਵੀ ਇਹ ਗੱਲ ਕਹਿ ਰਹੀ ਹੈ। 

ਕੋਰੋਨਾ ਵੈਕਸੀਨ ਨੂੰ ਲੈ ਕੇ ਲੋਕਾਂ ’ਚ ਡਰ ਬਣਿਆ ਹੋਇਆ ਹੈ, ਉਥੇ ਹੀ ਇਸ ਵਿਚਕਾਰ ਭੋਪਾਲ ’ਚ 12 ਦਸੰਬਰ ਨੂੰ ਵੈਕਸੀਨ ਟ੍ਰਾਇਲ ’ਚ ਸ਼ਾਮਲ ਹੋਏ ਦੀਪਕ ਮਰਾਵੀ ਦੀ ਮੌਤ ਹੋਣ ਤੋਂ ਬਾਅਦ ਇਕ ਵਾਰ ਫਿਰ ਕੋਵਿਡ-19 ਵੈਕਸੀਨ ਨੂੰ ਲੈ ਕੇ ਉੱਠਣ ਲਗੇ ਹਨ। ਮ੍ਰਿਤਕ ਦੀਪਕ ਮਰਾਵੀ ਦੀ ਪਤਨੀ ਦਾ ਕਹਿਣਾ ਹੈ ਕਿ ਵੈਕਸੀਨ ਲਗਵਾਉਣ ਤੋਂ ਬਾਅਦ ਹੀ ਉਸ ਦੇ ਪਤੀ ਦੀ ਸਿਹਤ ਖ਼ਰਾਬ ਹੋ ਗਈ ਸੀ, ਹੱਥ-ਪੈਰ ’ਚ ਤੇਜ਼ ਦਰਦ ਦੇ ਨਾਲ ਕਈ ਵਾਰ ਉਲਟੀ ਅਤੇ ਮੂੰਹ ’ਚੋਂ ਝੱਗ ਵੀ ਨਿਕਲੀ। 

ਦੀਪਕ ਮਰਾਵੀ ਦੀ ਮੌਤ 21 ਦਸੰਬਰ ਨੂੰ ਹੋਈ ਸੀ, ਹਾਲਾਂਕਿ, ਪੋਸਟਮਾਰਟਮ ਰਿਪੋਰ ’ਚ ਕਿਹਾ ਗਿਆ ਹੈ ਕਿ ਮੌਤ ਦਾ ਕਾਰਨ ਜ਼ਹਿਰ ਹੋ ਸਕਦਾ ਹੈ ਪਰ ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਹੈ ਕਿ ਦੀਪਕ ਮਰਾਵੀ ਨੇ ਜ਼ਹਿਰ ਨਹੀਂ ਖਾਧਾ। ਉਸ ਦੀ ਮੌਤ ਵੈਕਸੀਨ ਕਾਰਨ ਹੀ ਹੋਈ ਹੈ। ਪਰਿਵਾਰ ਦਾ ਦੋਸ਼ ਹੈ ਕਿ ਵੈਕਸੀਨ ਲੱਗਣ ਤੋਂ ਬਾਅਦ ਹਸਪਤਾਲ ਪ੍ਰਬੰਧਨ ਵਲੋਂ ਕੋਈ ਫਾਲੋਅਪ ਨਹੀਂ ਲਿਆ ਗਿਆ। ਦੀਪਕ ਮਰਾਵੀ ਨੂੰ ਭੋਪਾਲ ਦੇ ਇਕ ਨਿੱਜੀ ਹਸਪਤਾਲ ’ਚ ਟ੍ਰਾਇਲ ਦੌਰਾਨ ਵੈਕਸੀਨ ਲਗਾਈ ਗਈ ਸੀ। 

ਉਥੇ ਹੀ ਨੌਜਵਾਨ ਦੀ ਮੌਤ ਤੋਂ ਬਾਅਦ ਸਿਹਤ ਮੰਤਰੀ ਪ੍ਰਭੂਰਾਮ ਚੌਧਰੀ ਦਾ ਕਹਿਣਾ ਹੈ ਕਿ ਭਾਰਤ ’ਚ ਜੋ ਵੀ ਵੈਕਸੀਨ ਦਾ ਟ੍ਰਾਇਲ ਹੋਇਆ ਹੈ, ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਨਾਲ ਹੋਇਆ ਹੈ। icmr ਦੀ ਮਨਜ਼ੂਰੀ ਤੋਂ ਬਾਅਦ ਵੈਕਸੀਨ ਦਾ ਟੀਕਾ ਲਗਾਇਆ ਗਿਆ ਹੈ। ਕੋਈ ਵੀ ਮੌਤ ਦੁਖਦ ਹੁੰਦੀ ਹੈ, ਮੈਨੂੰ ਵੀ ਦੁੱਖ ਹੈ। ਮੈਂ ਮੰਤਰੀ ਤੋਂ ਇਲਾਵਾ ਡਾਕਟਰ ਵੀ ਹਾਂ। ਟੀਕਾਕਰਣ ਜਦੋਂ ਹੁੰਦਾ ਹੈ, 50 ਮਿੰਟਾਂ ਬਾਅਦ ਪ੍ਰਭਾਵ ਵਿਖਾਈ ਦਿੰਦਾ ਹੈ, ਉਸ ਤੋਂ ਬਾਅਦ 48 ਘੰਟਿਆਂ ਦੇ ਅੰਦਰ ਉਸ ਦਾ ਹੋਰ ਪ੍ਰਭਾਵ ਵਿਖਾਈ ਦਿੰਦਾ ਹੈ। ਅਜਿਹੇ ’ਚ ਕੋਈ ਗੱਲ ਸਾਹਮਣੇ ਨਹੀਂ ਆਈ ਜਿਸ ਦੀ ਇਕ ਹਫਤੇ ਬਾਅਦ ਮੌਤ ਹੋਈ ਹੋਵੇ। ਮ੍ਰਿਤਕ ਦੀ ਮੌਤ ਤੋਂ ਪਹਿਲਾਂ ਮੂੰਹ ’ਚੋਂ ਝੱਗ ਨਿਕਲ ਰਹੀ ਸੀ। ਪੋਸਟਮਾਰਟਮ ਹੋਇਆ ਹੈ, ਪੋਸਟਮਾਰਟਮ ਦੀ ਰਿਪੋਰਟ ’ਚ ਮੌਤ ਦਾ ਕਾਰਨ ਜ਼ਹਿਰ ਦੱਸਿਆ ਗਿਆ ਹੈ। ਅਜੇ ਵਿਸਰਾ ਰਿਪੋਰਟ ਆਉਣੀ ਬਾਕੀ ਹੈ। ਮੈਡੀਕਲ ਐਜੁਕੇਸ਼ਨ ਦੁਆਰਾ ਇਕ ਟੀਮ ਬਣਾਈ ਗਈ ਹੈ ਜੋ ਜੋ ਮਾਮਲੇ ਦੀ ਜਾਂਚ ਕਰ ਰਹੀ ਹੈ। 

Rakesh

This news is Content Editor Rakesh