ਕਰਨਾਲ ''ਚ ਕਿਸਾਨਾਂ ਦੀ ਮਹਾਂਪੰਚਾਇਤ ਅੱਜ, ਪੁਲਸ ਵੱਲੋਂ ਸੁਰੱਖਿਆ ਦੇ ਸਖ਼ਤ ਇੰਤਜ਼ਾਮ (ਤਸਵੀਰਾਂ)

09/07/2021 9:16:37 AM

ਕਰਨਾਲ : ਕਰਨਾਲ 'ਚ 7 ਸਤੰਬਰ ਮਤਲਬ ਕਿ ਮੰਗਲਵਾਰ ਨੂੰ ਕਿਸਾਨਾਂ ਵੱਲੋਂ ਜ਼ਿਲ੍ਹਾ ਸਕੱਤਰੇਤ ਦੇ ਘਿਰਾਓ ਦੇ ਐਲਾਨ ਤੋਂ ਬਾਅਦ ਹਰ ਥਾਂ 'ਤੇ ਪੁਲਸ ਬਲਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ ਅਤੇ ਪੂਰਾ ਜ਼ਿਲ੍ਹਾ ਪੁਲਸ ਛਾਉਣੀ 'ਚ ਤਬਦੀਲ ਹੋ ਗਿਆ ਹੈ। ਕਿਸਾਨ ਸੰਗਠਨ ਸਵੇਰੇ 10 ਵਜੇ ਨਵੀਂ ਅਨਾਜ ਮੰਡੀ 'ਚ ਮਹਾਂਪੰਚਾਇਤ ਅਤੇ ਜ਼ਿਲ੍ਹਾ ਸਕੱਤਰੇਤ ਦੇ ਘਿਰਾਓ ਲਈ ਇਕੱਠੇ ਹੋਣਗੇ। ਇਸ ਦੇ ਮੱਦੇਨਜ਼ਰ ਸੋਮਵਾਰ ਦੀ ਰਾਤ ਨੂੰ ਹੀ ਪੁਲਸ ਮੋਰਚਾਬੰਦੀ 'ਚ ਜੁੱਟੀ ਰਹੀ।

ਇਹ ਵੀ ਪੜ੍ਹੋ : ਦਰਦਨਾਕ : ਫਾਟਕ ਬੰਦ ਹੋਣ ਕਾਰਨ ਆਟੋ 'ਚ ਤੜਫਦੀ ਰਹੀ ਗਰਭਵਤੀ ਜਨਾਨੀ, ਬੱਚੇ ਨੂੰ ਜਨਮ ਦੇਣ ਮਗਰੋਂ ਤੋੜਿਆ ਦਮ

ਰਾਤ ਵੇਲੇ ਹੀ ਨਵੀਂ ਅਨਾਜ ਮੰਡੀ ਨਾਲ ਲੱਗਦੇ ਸੈਕਟਰ-3 ਸਥਿਤ ਉਦਯੋਗਿਕ ਖੇਤਰ ਨੂੰ ਸੀਲ ਕਰ ਦਿੱਤਾ ਗਿਆ। ਸ਼ਹਿਰ ਦੇ ਜਿਨ੍ਹਾਂ ਰਸਤਿਆਂ ਤੋਂ ਜੀ. ਟੀ. ਰੋਡ 'ਤੇ ਚੜ੍ਹਿਆ ਜਾ ਸਕਦਾ ਹੈ, ਉਨ੍ਹਾਂ ਸਾਰੇ ਪੁਆਇੰਟਾਂ 'ਤੇ ਵੱਡੀ ਗਿਣਤੀ 'ਚ ਬੈਰੀਕੇਡ ਲਾ ਦਿੱਤੇ ਗਏ ਹਨ, ਤਾਂ ਜੋ ਮੋਰਚਾ ਸੰਭਾਲਿਆ ਜਾ ਸਕੇ। ਜ਼ਿਲ੍ਹੇ 'ਚ ਕੇਂਦਰੀ ਅਰਧ ਸੈਨਿਕ ਬਲਾਂ ਦੀਆਂ 10 ਕੰਪਨੀਆਂ ਸਮੇਤ ਸੁਰੱਖਿਆ ਬਲਾਂ ਦੀਆਂ 40 ਕੰਪਨੀਆਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ। ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਹੈ ਕਿ ਸ਼ਾਂਤੀ ਬਣਾਈ ਰੱਖਣਾ ਕਿਸਾਨ ਆਗੂਆਂ ਦੀ ਜ਼ਿੰਮੇਵਾਰੀ ਹੈ। 

ਇਹ ਵੀ ਪੜ੍ਹੋ : ਇਸ ਪਿੰਡ ਦੇ ਕੋਨੇ-ਕੋਨੇ 'ਚ ਲੱਗੇ ਸਿਆਸੀ ਪਾਰਟੀਆਂ ਦੇ ਬਾਈਕਾਟ ਦੇ ਬੋਰਡ, EVM ਨੂੰ ਲੈ ਕੇ ਕੀਤਾ ਗਿਆ ਵੱਡਾ ਐਲਾਨ


ਪੁਲਸ ਵੱਲੋਂ ਐਡਵਾਈਜ਼ਰੀ ਜਾਰੀ
ਇਸ ਦੌਰਾਨ ਹਰਿਆਣਾ ਪੁਲਸ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ 'ਚ ਲੋਕਾਂ ਨੂੰ ਅੱਜ ਕਰਨਾਲ 'ਚ ਸਫ਼ਰ ਕਰਨ ਤੋਂ ਬਚਣ ਅਤੇ ਦੂਜੇ ਰਸਤਿਆਂ ਦਾ ਇਸਤੇਮਾਲ ਕਰਨ ਦੀ ਸਲਾਹ ਦਿੱਤੀ ਗਈ ਹੈ। ਪੁਲਸ ਨੇ ਕਿਹਾ ਹੈ ਕਿ ਐਨ. ਐਚ.-44 ਦਾ ਇਸਤੇਮਾਲ ਕਰਨ ਵਾਲੇ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕਰਨਾਲ ਸ਼ਹਿਰ ਦਾ ਸਫ਼ਰ ਕਰਨ ਤੋਂ ਬਚਣ ਜਾਂ 7 ਸਤੰਬਰ ਨੂੰ ਆਪਣੀ ਮੰਜ਼ਿਲ ਤੱਕ ਜਾਣ ਲਈ ਦੂਜੇ ਰਸਤਿਆਂ ਦਾ ਇਸਤੇਮਾਲ ਕਰਨ।

ਇਹ ਵੀ ਪੜ੍ਹੋ : 7 ਸਾਲਾਂ ਦੇ ਪੁੱਤ ਨਾਲ ਪਿਓ ਦੀ ਹੈਵਾਨੀਅਤ, ਚੋਰੀ ਸੇਬ ਖਾਣ 'ਤੇ ਗਰਮ ਚਾਕੂ ਨਾਲ ਸਾੜਿਆ ਹੱਥ


ਇਨ੍ਹਾਂ ਜ਼ਿਲ੍ਹਿਆਂ 'ਚ ਇੰਟਰਨੈੱਟ ਸੇਵਾ ਬੰਦ
ਕਰਨਾਲ 'ਚ ਕਿਸਾਨਾਂ ਦੀ ਮਹਾਂਪੰਚਾਇਤ ਕਾਰਨ ਸਰਕਾਰ ਨੇ ਕੁਰੂਕਸ਼ੇਤਰ, ਜੀਂਦ, ਪਾਣੀਪਤ ਅਤੇ ਕੈਥਲ 'ਚ 7 ਸਤੰਬਰ ਰਾਤ 12 ਵਜੇ ਤੱਕ ਇੰਟਰਨੈੱਟ ਸੇਵਾਵਾਂ ਬੰਦ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਦੇ ਨਾਲ ਹੀ ਜ਼ਿਲ੍ਹੇ 'ਚ ਧਾਰਾ-144 ਲਾਗੂ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਬੀਤੀ 28 ਅਗਸਤ ਨੂੰ ਹੋਏ ਲਾਠੀਚਾਰਜ ਦੌਰਾਨ ਇੱਕ ਵੀਡੀਓ ਵੀ ਵਾਇਰਲ ਹੋਇਆ ਸੀ, ਜਿਸ ’ਚ ਐੱਸ. ਡੀ. ਐੱਮ. ਆਯੂਸ਼ ਸਿਨਹਾ ਕਿਸਾਨਾਂ 'ਤੇ ਲਾਠੀਚਾਰਜ ਦੇ ਹੁਕਮ ਦਿੰਦੇ ਹੋਏ ਨਜ਼ਰ ਆਏ ਸਨ। ਉਸੇ ਰਾਤ ਇੱਕ ਕਿਸਾਨ ਦੀ ਮੌਤ ਵੀ ਹੋ ਗਈ ਸੀ, ਜਿਸ ਤੋਂ ਬਾਅਦ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਕਿਸਾਨ ਦੇ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਹੈ ਅਤੇ ਐੱਸ. ਡੀ. ਐੱਮ. ਆਯੂਸ਼ ਸਿਨਹਾ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਜਾਣੀ ਚਾਹੀਦੀ ਹੈ। ਇਨ੍ਹਾਂ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਅੱਜ ਕਰਨਾਲ ਵਿੱਚ ਮਹਾਪੰਚਾਇਤ ਅਤੇ ਮਿੰਨੀ ਸਕੱਤਰੇਤ ਦਾ ਘਿਰਾਓ ਕਰਨ ਦਾ ਸੱਦਾ ਦਿੱਤਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita