ਲੜਕੀ ਨੇ ਪਿਆਰ 'ਚ ਫਸਾ ਕੇ ਕੀਤਾ ਕਿਡਨੈਪ, 1 ਕਰੋੜ ਮੰਗਣ ਵਾਲੇ 3 ਗ੍ਰਿਫਤਾਰ

08/11/2018 1:09:58 PM

ਸਿਰਸਾ— ਫਤਿਹਾਬਾਦ ਦੇ ਇਕ ਵਪਾਰੀ ਦੇ ਬੇਟੇ ਨੂੰ ਹਨੀਟ੍ਰੈਪ 'ਚ ਫਸਾ ਕੇ ਉਸ ਦੀ ਅਸ਼ਲੀਲ ਵੀਡੀਓ ਬਣਾ ਕੇ ਇਕ ਕਰੋੜ ਦੀ ਫਿਰੋਤੀ ਮੰਗਣ ਵਾਲੇ ਗਿਰੋਹ ਨੂੰ ਸਿਰਸਾ ਸੀ.ਆਈ.ਏ. ਅਤੇ ਡਿੰਗ ਥਾਣਾ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਫੜੇ ਹੋਏ ਦੋਸ਼ੀਆਂ 'ਚ ਇਕ ਔਰਤ ਅਤੇ ਦੋ ਵਿਅਕਤੀ ਸ਼ਾਮਲ ਹਨ ਜਦਕਿ ਦੋ ਹੋਰ ਫਰਾਰ ਹਨ। ਪੁਲਸ ਨੇ ਤਿੰਨਾਂ ਨੂੰ ਕੋਰਟ 'ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਹੈ।

ਫਤਿਹਾਬਾਦ ਸ਼ਹਿਰ ਦੇ ਵਪਾਰੀ ਦਲੀਪ ਸਿੰਘ ਦੇ ਬੇਟੇ ਦਿਸ਼ਾਂਤ ਉਰਫ ਦੀਸ਼ੂ ਦੇ ਕੋਲ ਕੁਝ ਦਿਨ ਪਹਿਲਾਂ ਇਕ ਵਟਸਐਪ ਕਾਲ ਆਈ। ਅਰਪਣ ਨਾਂ ਦੀ ਔਰਤ ਬੋਲ ਰਹੀ ਸੀ। ਉਸ ਨੇ ਖੁਦ ਨੂੰ ਬਠਿੰਡਾ ਦੇ ਸੰਗਤਕਲਾਂ ਦੀ ਦੱਸ ਕੇ ਅਤੇ ਕਾਲ ਕਰਨ ਲਈ ਕਹਿ ਕੇ ਗੱਲ ਕਰਨ ਲੱਗੀ। ਉਸ ਤੋਂ ਬਾਅਦ ਦੋਹਾਂ 'ਚ ਚੈਟ ਹੋਣੀ ਸ਼ੁਰੂ ਹੋ ਗਈ।
 

ਘੁਮਾਉਣ ਦੇ ਬਹਾਨੇ ਲੈ ਗਈ ਫਿਰ ਸਾਥੀਆਂ ਨੂੰ ਬੁਲਾ ਲਿਆ
ਦਿਸ਼ਾਂਤ ਨੂੰ ਆਪਣੇ ਪ੍ਰੇਮ ਜਾਲ 'ਚ ਫਸਾਉਂਦੇ ਹੋਏ ਅਰਪਣ ਨੇ 8 ਅਗਸਤ ਦੀ ਸ਼ਾਮ ਨੂੰ ਫਤਿਹਾਬਾਦ ਦੇ ਇਕ ਹਸਪਤਾਲ ਦੇ ਕੋਲ ਮਿਲਣ  ਲਈ ਬੁਲਾਇਆ। ਦਿਸ਼ਾਂਤ ਆਪਣੀ ਗੱਡੀ ਲੈ ਕੇ ਉਸ ਨੂੰ ਮਿਲਣ ਚਲਿਆ ਗਿਆ। ਉਹ ਉਸ ਦੇ ਨਾਲ ਗੱਡੀ 'ਚ ਬੈਠ ਗਈ। ਪਹਿਲਾਂ ਦਿਸ਼ਾਂਤ ਨੇ ਉਸ ਨੂੰ ਇੱਧਰ-ਉਧਰ ਘੁਮਾਇਆ। ਉਸ ਤੋਂ ਬਾਅਦ ਉਸ ਨੂੰ ਸਿਰਸਾ ਛੱਡਣ ਲਈ ਕਿਹਾ। ਉਹ ਉਸ ਨੂੰ ਸਿਰਸਾ ਲੈ ਕੇ ਜਾਣ ਲੱਗਾ। ਡਿੰਗ ਮੰਡੀ ਦੇ ਕੋਲ ਪਹੁੰਚਣ ਤੋਂ ਬਾਅਦ ਅਰਪਣ ਨੇ ਕਿਸੇ ਕੰਮ ਦੇ ਬਹਾਨੇ ਨਾਲ ਗੱਡੀ ਰੁਕਵਾਈ। ਉਹ ਥੱਲੇ ਉਤਰ ਗਈ। ਇਸ ਦੌਰਾਨ ਪਿੱਛਿਓਂ ਸਕਾਰਪੀਓ ਗੱਡੀ ਆਈ। ਉਸ 'ਚੋਂ ਉਤਰ ਕੇ ਚਾਰ ਲੋਕ ਦਿਸ਼ਾਂਤ ਦੇ ਕੋਲ ਆਏ ਅਤੇ ਉਸ ਨੂੰ ਕਿਡਨੈਪ ਕਰਕੇ ਗੱਡੀ 'ਚ ਲੈ ਗਏ। ਉਹ ਪੰਜਾਬ 'ਚ ਕਿਸੇ ਅਣਪਛਾਤੇ ਠਿਕਾਣੇ 'ਤੇ ਦਿਸ਼ਾਂਤ ਨੂੰ ਲੈ ਗਏ। ਉੱਥੇ ਉਸ ਨਾਲ ਮਾਰ-ਕੁੱਟ ਕੀਤੀ ਅਤੇ ਉਸ ਨੂੰ ਬੰਧਕ ਬਣਾ ਲਿਆ।

ਉਸ ਦੀ ਅਸ਼ਲੀਲ ਵੀਡੀਓ ਬਣਾ ਕੇ ਉਸ ਤੋਂ ਇਕ ਕਰੋੜ ਰੁਪਏ ਮੰਗੇ। ਉਸ ਨੇ ਦਸ ਲੱਖ ਦੇਣ ਦੀ ਹਾਮੀ ਭਰੀ। ਸ਼ੁੱਕਰਵਾਰ ਨੂੰ ਦਿਸ਼ਾਂਤ ਨੂੰ ਫੋਨ ਕਰਕੇ ਗਿਰੋਹ ਨੇ ਫਤਿਹਾਬਾਦ ਦੀ ਸੋਮਾਸਿਟੀ ਕਾਲੋਨੀ 'ਚ ਪੈਸਿਆਂ ਦੇ ਨਾਲ ਬੁਲਾਇਆ। ਦਿਸ਼ਾਂਤ ਨੇ ਪੁਲਸ ਨੂੰ ਸੂਚਨਾ ਦੇ ਦਿੱਤੀ। ਉਸ ਤੋਂ ਬਾਅਦ ਦਿਸ਼ਾਂਤ ਉੱਥੇ ਗਿਆ ਤਾਂ ਮੌਕੇ 'ਤੇ ਔਰਤ ਅਰਪਣ ਨਿਵਾਸੀ ਸੰਗਤਕਲਾਂ ਬਠਿੰਡਾ, ਉਸ ਦਾ ਪ੍ਰੇਮੀ ਲਖਬੀਰ ਉਰਫ ਸੋਨੀ ਅਤੇ ਗੁਰਮੀਤ ਨਿਵਾਸੀ ਹਜਰਾਵਾਂ ਨੂੰ ਰੰਗੇ ਹੱਥ ਫੜ ਲਿਆ। ਏ.ਸੀ.ਪੀ. ਹਾਮਿਦ ਅਖਤਿਆਰ ਨੇ ਦੱਸਿਆ ਕਿ ਅਜੇ ਦੋ ਮੈਂਬਰ ਫਰਾਰ ਹਨ। ਉਨ੍ਹਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।