ਕੇਰਲ ''ਚ ਕੈਦੀ ਹੁਣ ਚਲਾਉਣਗੇ ਪੈਟਰੋਲ ਪੰਪ

09/18/2019 5:08:46 PM

ਤਿਰੂਅਨੰਤਪੁਰਮ (ਭਾਸ਼ਾ)— ਕੇਰਲ ਦੇ ਕੈਦੀ ਸੁਆਦੀ ਅਤੇ ਕਿਫਾਇਤੀ ਖਾਣਾ ਖੁਵਾਉਣ 'ਚ ਸਫਲਤਾ ਹਾਸਲ ਕਰਨ ਮਗਰੋਂ ਹੁਣ ਪੈਟਰੋਲ ਪੰਪ ਚਲਾਉਣ ਲਈ ਤਿਆਰ ਹਨ ਅਤੇ ਇਸ ਦਾ ਸਿਹਰਾ ਸਰਕਾਰ ਦੀ ਅਨੋਖੀ ਪਹਿਲ ਨੂੰ ਜਾਂਦਾ ਹੈ। ਪੰਜਾਬ ਅਤੇ ਤਾਮਿਲਨਾਡੂ ਦੇ ਜੇਲ ਵਿਭਾਗਾਂ ਤੋਂ ਪ੍ਰੇਰਣਾ ਲੈਂਦੇ ਹੋਏ, ਕੇਰਲ ਦਾ ਜੇਲ ਵਿਭਾਗ ਸੂਬੇ ਦੀਆਂ ਤਿੰਨ ਕੇਂਦਰੀ ਜੇਲਾਂ ਦੇ ਬਾਹਰੀ ਕੰਪਲੈਕਸ 'ਚ ਪੈਟਰੋਲ ਪੰਪ ਖੋਲ੍ਹਣ ਦੀ ਤਿਆਰੀ 'ਚ ਹੈ, ਜਿਨ੍ਹਾਂ ਨੂੰ ਚੁਣੇ ਹੋਏ ਕੈਦੀ ਚਲਾਉਣਗੇ। ਇੰਡੀਅਨ ਆਇਲ ਕਾਰਪੋਰੇਸ਼ਨ ਉਨ੍ਹਾਂ ਥਾਂਵਾਂ 'ਤੇ ਇਹ ਪੰਪ ਲੱਗਾ ਰਿਹਾ ਹੈ, ਜਿਸ ਦੀ ਪਛਾਣ ਜੇਲ ਵਿਭਾਗ ਨੇ ਕੀਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਘੱਟੋ-ਘੱਟ 15 ਕੈਦੀਆਂ ਦੀ ਪਛਾਣ ਕੀਤੀ ਜਾਵੇਗੀ ਅਤੇ ਸ਼ਿਫਟ ਦੇ ਆਧਾਰ 'ਤੇ ਉਨ੍ਹਾਂ ਨੂੰ ਪੈਟਰੋਲ ਪੰਪ ਚਲਾਉਣ ਦੀ ਟ੍ਰੇਨਿੰਗ ਦਿੱਤੀ ਜਾਵੇਗੀ। ਕੈਦੀਆਂ ਨੂੰ ਜੇਲ ਦੇ ਨਿਯਮਾਂ ਮੁਤਾਬਕ ਉਨ੍ਹਾਂ ਦੇ ਕੰਮ ਦਾ ਮਿਹਨਤਾਨਾ (ਤਨਖਾਹ) ਵੀ ਦਿੱਤੀ ਜਾਵੇਗੀ। ਜੇਲ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਸਾਲ ਨਵੰਬਰ-ਦਸੰਬਰ ਤਕ ਪੈਟਰੋਲ ਪੰਪ ਚਾਲੂ ਕਰਨ ਦੀ ਯੋਜਨਾ ਹੈ। 

ਜੇਲ ਡੀ. ਜੀ. ਪੀ. ਰਿਸ਼ੀਰਾਜ ਸਿੰਘ ਨੇ ਦੱਸਿਆ ਕਿ ਪਹਿਲ ਲਈ ਸਰਕਾਰ ਦੀਆਂ ਸਾਰੀਆਂ ਜ਼ਰੂਰੀ ਮਨਜ਼ੂਰੀਆਂ ਲੈ ਲਈਆਂ ਗਈਆਂ ਹਨ। ਇਹ ਪੈਟਰੋਲ ਪੰਪ ਇੱਥੇ ਪੂਜਾਪੁਰਾ, ਤ੍ਰਿਸ਼ੂਲ ਜ਼ਿਲੇ ਦੇ ਵਿਯੁਰ ਅਤੇ ਕੰਨੂਰ ਦੀਆਂ ਕੇਂਦਰੀ ਜੇਲਾਂ ਦੇ ਕੰਪਲੈਕਸ ਵਿਚ ਖੋਲ੍ਹੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਅਸੀਂ ਨਵੰਬਰ-ਦਸੰਬਰ ਤਕ ਇਨ੍ਹਾਂ ਪੰਪਾਂ ਦੇ ਖੁੱਲ੍ਹਣ ਦੀ ਉਮੀਦ ਕਰ ਰਹੇ ਹਾਂ। ਇੱਥੇ ਦੱਸ ਦੇਈਏ ਕਿ ਪੰਜਾਬ 'ਚ ਜੇਲ ਵਿਭਾਗ ਵਲੋਂ ਜੇਲਾਂ 'ਚ ਬੰਦ ਪਈ ਸਮਾਲ ਸਕੇਲ ਇੰਡਸਟਰੀ ਨੂੰ ਮੁੜ ਖੋਲ੍ਹਣ ਦੀ ਤਿਆਰੀ ਚੱਲ ਰਹੀ ਹੈ, ਜਿਸ ਵਿਚ ਕੈਦੀ ਕੰਮ ਕਰਨਗੇ। ਕੈਦੀਆਂ ਵਲੋਂ ਬਣਾਏ ਗਏ ਸਾਮਾਨ ਨੂੰ ਬਾਜ਼ਾਰ ਵਿਚ ਵੇਚਿਆ ਜਾਵੇਗਾ।

Tanu

This news is Content Editor Tanu