ਕੇਰਲ : 70 ਸਾਲਾਂ ਤੋਂ ਮੰਦਰ ਦੀ ਝੀਲ 'ਚ ਰਹਿ ਰਹੇ 'ਸ਼ਾਕਾਹਾਰੀ' ਮਗਰਮੱਛ ਦੀ ਮੌਤ

10/10/2022 4:03:01 PM

ਕਾਸਰਗੋਡ (ਭਾਸ਼ਾ)- ਕੇਰਲ ਦੇ ਸ਼੍ਰੀ ਅਨੰਤਪਦਮਨਾਭ ਸਵਾਮੀ ਮੰਦਰ ਦੀ ਝੀਲ 'ਚ ਪਿਛਲੇ ਕਈ ਦਹਾਕਿਆਂ ਤੋਂ ਰਹਿ ਰਹੇ ਇਕਲੌਤੇ ਮਗਰਮੱਛ ਦੀ ਐਤਵਾਰ ਦੇਰ ਰਾਤ ਮੌਤ ਹੋ ਗਈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਮਗਰਮੱਛ ਸ਼ਾਕਾਹਾਰੀ ਸੀ। ਮੰਦਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੰਦਰ ਦੀ ਝੀਲ 'ਚ 70 ਸਾਲਾਂ ਤੋਂ ਰਹਿ ਰਹੇ ਮਗਰਮੱਛ ਨੂੰ ‘ਬਬੀਆ’ ਨਾਮ ਨਾਲ ਬੁਲਾਇਆ ਜਾਂਦਾ ਸੀ। ਉਹ ਸ਼ਨੀਵਾਰ ਤੋਂ ਲਾਪਤਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਰਾਤ ਕਰੀਬ 11.30 ਵਜੇ ਮਗਰਮੱਛ ਮ੍ਰਿਤਕ ਹਾਲਤ 'ਚ ਝੀਲ 'ਚ ਤੈਰਦਾ ਪਾਇਆ ਗਿਆ।

ਮੰਦਰ ਪ੍ਰਸ਼ਾਸਨ ਨੇ ਇਸ ਦੀ ਸੂਚਨਾ ਪੁਲਸ ਅਤੇ ਪਸ਼ੂ ਪਾਲਣ ਵਿਭਾਗ ਨੂੰ ਦਿੱਤੀ। ਮ੍ਰਿਤਕ ਮਗਰਮੱਛ ਨੂੰ ਝੀਲ 'ਚੋਂ ਬਾਹਰ ਕੱਢ ਕੇ ਸ਼ੀਸ਼ੇ ਦੇ ਬਕਸੇ 'ਚ ਰੱਖਿਆ ਗਿਆ। ਵੱਖ-ਵੱਖ ਰਾਜਨੇਤਾਵਾਂ ਸਮੇਤ ਕਈ ਲੋਕਾਂ ਨੇ ਸੋਮਵਾਰ ਨੂੰ ਉਸ ਦੇ ਅੰਤਿਮ ਦਰਸ਼ਨ ਕੀਤੇ। ਮੰਦਰ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਮਗਰਮੱਛ ਸ਼ਾਕਾਹਾਰੀ ਸੀ ਅਤੇ ਮੰਦਰ 'ਚ ਬਣੇ 'ਪ੍ਰਸਾਦਮ' 'ਤੇ ਵੀ ਨਿਰਭਰ ਸੀ। ਕੇਂਦਰ ਖੇਤੀਬਾੜੀ ਅਤੇ ਕਿਸਾਨ ਕਲਿਆਣ ਰਾਜ ਮੰਤਰੀ ਸ਼ੋਭਾ ਕਰੰਦਲਾਜੇ ਨੇ ਕਿਹਾ ਕਿ 70 ਸਾਲ ਤੋਂ ਵੱਧ ਸਮੇਂ ਤੋਂ ਮੰਦਰ 'ਚ ਰਹਿਣ ਵਾਲੇ 'ਭਗਵਾਨ ਦੇ ਇਸ ਮਗਰਮੱਛ' ਨੂੰ ਮੁਕਤੀ ਪ੍ਰਾਪਤ ਹੋਵੇ। ਮੰਦਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਮਗਰਮੱਛ ਨੂੰ ਸੋਮਵਾਰ ਦੁਪਹਿਰ ਨੂੰ ਕੋਲ ਦੇ ਇਕ ਟੋਏ 'ਚ ਦਫ਼ਨਾ ਦਿੱਤਾ ਗਿਆ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha