ਭਾਜਪਾ ਦਾ ਦਾਅਵਾ : ਕੇਜਰੀਵਾਲ ਨੇ ਬੰਗਲੇ ਦੀ ਸਜਾਵਟ ''ਤੇ ਖਰਚ ਕੀਤੇ 45 ਕਰੋੜ

04/26/2023 11:49:45 AM

ਨਵੀਂ ਦਿੱਲੀ (ਭਾਸ਼ਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਬੰਗਲੇ ਦੀ ਸਜਾਵਟ 'ਤੇ 45 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਗਏ ਹਨ। ਪਾਰਟੀ ਨੇ ਦੋਸ਼ ਲਗਾਇਆ ਕਿ ਬੰਗਲੇ ਦੀ ਸਜਾਵਟ 'ਤੇ ਇੰਨੀ ਵੱਡੀ ਰਕਮ ਖਰਚ ਕੀਤਾ ਜਾਣਾ ਆਮ ਆਦਮੀ ਪਾਰਟੀ (ਆਪ) ਦੇ ਸੰਸਥਾਪਕ ਦੇ ਵਿਚਾਰਧਾਰਕ 'ਨਵੀਨੀਕਰਨ' ਦਾ ਸੰਕੇਤ ਹੈ, ਜਿਨ੍ਹਾਂ ਨੇ ਰਾਜਨੀਤੀ 'ਚ ਕਦਮ ਰੱਖਣ ਦੌਰਾਨ ਈਮਾਨਦਾਰੀ ਅਤੇ ਸਾਦਗੀ ਨੂੰ ਉਤਸ਼ਾਹ ਦੇਣ ਦਾ ਵਾਅਦਾ ਕੀਤਾ ਸੀ। ਭਾਜਪਾ ਬੁਲਾਰੇ ਸੰਬਿਤਾ ਪਾਤਰਾ ਨੇ ਕੇਜਰੀਵਾਲ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਉਨ੍ਹਾਂ ਨੂੰ 'ਮਹਾਰਾਜਾ' ਕਰਾਰ ਦਿੱਤਾ।

ਪਾਤਰਾ ਨੇ ਕਿਹਾ ਕਿ ਬੰਗਲੇ ਲਈ ਸ਼ਾਨਦਾਰ ਉਤਪਾਦਾਂ ਦੀ ਚੋਣ ਅਤੇ 'ਆਲੀਸ਼ਾਨ ਤੇ ਆਰਾਮਦਾਇਕ ਜੀਵਨ ਦੀ ਇੱਛਾ' ਲਈ ਰਾਜਾ-ਮਹਾਰਾਜਾ ਵੀ ਕੇਜਰੀਵਾਲ ਦੇ ਅੱਗੇ ਸਿਰ ਝੁਕਾਉਣਗੇ। ਭਾਜਪਾ ਬੁਲਾਰੇ ਨੇ ਦੋਸ਼ ਲਗਾਇਆ ਕਿ ਕੇਜਰੀਵਾਲ ਨੇ ਇਸ ਖ਼ਬਰ ਨੂੰ ਦਬਾਉਣ ਲਈ ਨਿਊਜ਼ ਚੈਨਲਾਂ ਨੂੰ 20 ਕਰੋੜ ਤੋਂ 50 ਕਰੋੜ ਰੁਪਏ ਤੱਕ ਦੀ ਪੇਸ਼ਕਸ਼ ਕੀਤੀ ਸੀ ਪਰ ਸਮਾਚਾਰ ਚੈਨਲਾਂ ਅਤੇ ਅਖ਼ਬਾਰ ਨੇ ਉਨ੍ਹਾਂ ਦੀ ਪੇਸ਼ਕਸ਼ ਠੁਕਰਾ ਦਿੱਤੀ। ਪਾਤਰਾ ਨੇ ਇੱਥੇ ਇਕ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਕੇਜਰੀਵਾਲ ਦੇ ਬੰਗਲੇ ਲਈ ਖਰੀਦੇ ਗਏ 8 ਪਰਦਿਆਂ 'ਚੋਂ ਇਕ ਦੀ ਕੀਮਤ 7.94 ਲੱਖ ਰੁਪਏ ਤੋਂ ਵੱਧ ਸੀ, ਜਦੋਂ ਕਿ ਇਨ੍ਹਾਂ 'ਚੋਂ ਸਭ ਤੋਂ ਸਸਤਾ ਪਰਦਾ 3.57 ਲੱਖ ਰੁਪਏ ਦਾ ਸੀ।

ਭਾਜਪਾ ਬੁਲਾਰੇ ਨੇ ਦਸਤਾਵੇਜ਼ਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਬੰਗਲੇ ਲਈ 1.15 ਕਰੋੜ ਰੁਪਏ ਤੋਂ ਵੱਧ ਮੁੱਲ ਦਾ ਸੰਗਮਰਮਰ ਵਿਯਤਨਾਮ ਤੋਂ ਲਿਆਂਦਾ ਗਿਆ ਸੀ, ਜਦੋਂ ਕਿ 4 ਕਰੋੜ ਰੁਪਏ ਲੱਕੜ ਦੀਆਂ ਕੰਧਾਂ 'ਤੇ ਖਰਚ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਇਹ ਇਕ ਅਜਿਹੇ ਮਹਾਰਾਜਾ ਦੀ ਕਹਾਣੀ ਹੈ, ਜੋ 'ਬੇਸ਼ਰਮ' ਹੈ। ਪਾਤਰਾ ਦੀ ਇਸ ਟਿੱਪਣੀ ਨੂੰ ਕੇਜਰੀਵਾਲ ਵਲੋਂ ਦਿੱਲੀ ਵਿਧਾਨ ਸਭਾ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਾਲ 'ਚ ਕੀਤੇ ਗਏ ਹਮਲੇ ਦੇ ਜਵਾਬ ਵਜੋਂ ਦੇਖਿਆ ਜਾ ਰਿਹਾ ਹੈ। ਕੇਜਰੀਵਾਲ ਨੇ ਵਿਧਾਨ ਸਭਾ 'ਚ ਇਕ ਮਹਾਰਾਜਾ ਦੀ ਕਹਾਣੀ ਸੁਣਾ ਕੇ ਪ੍ਰਧਾਨ ਮੰਤਰੀ 'ਤੇ ਤੰਜ਼ ਕੱਸਿਆ ਸੀ।

DIsha

This news is Content Editor DIsha