ਕੇਜਰੀਵਾਲ ਨੇ ਕਿਹਾ- ਦਿੱਲੀ ਬਣੀ ਗੈਸ ਚੈਂਬਰ, ਕਪਿਲ ਨੇ ਸਾਧਿਆ ਨਿਸ਼ਾਨਾ

11/07/2017 1:31:36 PM

ਨਵੀਂ ਦਿੱਲੀ— ਦਿੱਲੀ 'ਚ ਵਧਦੇ ਪ੍ਰਦੂਸ਼ਣ ਦਰਮਿਆਨ ਸਿਆਸਤ ਤੇਜ਼ ਹੋ ਗਈ ਹੈ। ਪਿਛਲੇ ਕਈ ਹਫਤਿਆਂ ਤੋਂ ਸਾਹ ਦੀ ਬੀਮਾਰੀ ਨਾਲ ਜੂਝ ਰਹੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਕੇ ਕਿਹਾ ਹੈ ਕਿ ਦਿੱਲੀ ਗੈਸ ਚੈਂਬਰ ਬਣ ਗਈ ਹੈ। ਦੂਜੇ ਪਾਸੇ 'ਆਪ' ਸਰਕਾਰ 'ਚ ਮੰਤਰੀ ਰਹਿ ਚੁਕੇ ਅਤੇ ਹੁਣ ਪਾਰਟੀ ਤੋਂ ਬਰਖ਼ਾਸਤ ਕਪਿਲ ਮਿਸ਼ਰਾ ਨੇ ਪ੍ਰਦੂਸ਼ਣ 'ਤੇ ਸਰਕਾਰ ਨੂੰ ਘੇਰਦੇ ਹੋਏ ਐਮਰਜੈਂਸੀ ਕਦਮ ਚੁੱਕਣ ਦੀ ਸਲਾਹ ਦਿੱਤੀ ਹੈ। ਦਿੱਲੀ-ਐੱਨ.ਸੀ.ਆਰ. 'ਚ ਮੰਗਲਵਾਰ ਦੀ ਸਵੇਰ ਸੰਘਣੀ ਧੁੰਦ ਛਾਈ ਰਹੀ, ਜਿਸ ਕਾਰਨ ਹਵਾ ਪ੍ਰਦੂਸ਼ਣ ਖਤਰਨਾਕ ਪੱਧਰ 'ਤੇ ਪੁੱਜ ਗਿਆ ਹੈ। ਸਵੇਰ ਦੇ ਸਮੇਂ ਧੁੰਦ ਕਾਰਨ ਦ੍ਰਿਸ਼ਤਾ 50 ਮੀਟਰ ਤੋਂ ਵੀ ਘੱਟ ਰਹੀ। ਧੁੰਦ ਕਾਰਨ ਦਿੱਲੀ ਤੋਂ ਚੱਲਣ ਵਾਲੀਆਂ 20 ਤੋਂ ਵਧ ਰੇਲ ਗੱਡੀਆਂ ਲੇਟ ਹਨ। ਦਿੱਲੀ 'ਚ ਹਰ ਸਾਲ ਠੰਡ ਦੇ ਮੌਸਮ 'ਚ ਪ੍ਰਦੂਸ਼ਣ ਵਧਣ ਦੇ ਕਈ ਕਾਰਨ ਹਨ ਪਰ ਅਰਵਿੰਦ ਕੇਜਰੀਵਾਲ ਦਾ ਮੰਨਣਾ ਹੈ ਕਿ ਹਰ ਸਮੱਸਿਆ ਗੁਆਂਢੀ ਰਾਜਾਂ 'ਚ ਪਰਾਲੀ ਸੜਨ ਨਾਲ ਵਧ ਰਹੀ ਹੈ।
ਕੇਜਰੀਵਾਲ ਨੇ ਆਪਣੇ ਟਵੀਟ 'ਚ ਕਿਹਾ,''ਦਿੱਲੀ ਗੈਸ ਚੈਂਬਰ ਬਣ ਗਈ ਹੈ। ਹਰ ਸਾਲ ਇੰਨੀਂ ਦਿਨੀਂ ਦਿੱਲੀ ਪ੍ਰਦੂਸ਼ਣ ਦੀ ਸਮੱਸਿਆ ਨਾਲ ਘਿਰ ਜਾਂਦੀ ਹੈ। ਅਜਿਹੇ 'ਚ ਗੁਆਂਢੀ ਰਾਜਾਂ ਤੋਂ ਪਰਾਲੀ ਸਾੜਨ ਕਾਰਨ ਫੈਲਣ ਵਾਲੇ ਪ੍ਰਦੂਸ਼ਣ ਨੂੰ ਰੋਕਣ ਦਾ ਹੱਲ ਲੱਭਣਾ ਹੋਵੇਗਾ।'' ਕਪਿਲ ਮਿਸ਼ਰਾ ਨੇ ਵੀ ਟਵੀਟ ਰਾਹੀਂ ਅਰਵਿੰਦ ਕੇਜਰੀਵਾਲ 'ਤੇ ਹਮਲਾ ਬੋਲਿਆ ਹੈ। ਕਪਿਲ ਨੇ ਟਵੀਟ ਕੀਤਾ ਹੈ,''ਅਰਵਿੰਦ ਕੇਜਰੀਵਾਲ ਦਿੱਲੀ 'ਚ ਤੁਰੰਤ ਸਿਹਤ ਐਮਰਜੈਂਸੀ ਐਲਾਨ ਕਰਨ, ਸਕੂਲ ਬੰਦ ਕਰਨ ਅਤੇ ਪਿਛਲੇ ਸਾਲ ਓਡ-ਈਵਨ ਫਾਰਮੂਲਾ ਲਾਗੂ ਕਰਨ ਦੇ ਸਮੇਂ ਤੈਅ 10 ਸੂਤਰੀ ਏਜੰਡੇ ਦੀ ਸਮੀਖਿਆ ਕਰ ਕੇ ਐਮਰਜੈਂਸੀ ਕਦਮ ਚੁੱਕਣ। ਅਸਫਲਤਾ ਸਵੀਕਾਰ ਕਰਨ, ਹੁਣ ਕੰਮ ਕਰਨਾ ਸ਼ੁਰੂ ਕਰਨ।'' ਕਪਿਲ ਨੇ ਅਗਲੇ ਟਵੀਟ 'ਚ ਕੇਜਰੀਵਾਲ ਨੂੰ ਦਿੱਲੀ ਵਾਸੀਆਂ ਨੂੰ ਮਾਸਕ ਵੰਡਣ, ਫਿਰ ਤੋਂ ਓਡ-ਈਵਨ ਲਾਗੂ ਕਰਨ, ਦਫ਼ਤਰਾਂ ਦੇ ਸਮੇਂ 'ਚ ਤਬਦੀਲੀ ਕਰਨ ਅਤੇ ਪਾਣੀ ਦਾ ਛਿੜਕਾਅ ਕਰਨ ਦੇ ਸੁਝਾਅ ਵੀ ਦਿੱਤੇ।