ਕਪਿਲ ਦਾ ਦਾਅਵਾ, ਕੇਜਰੀਵਾਲ ਦਾ ਮੋਦੀ ਦੇ ਖਿਲਾਫ ਅਪਸ਼ਬਦ ਨਾ ਕਹਿਣ ਦਾ ਵਾਅਦਾ

07/28/2017 4:01:24 PM

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਭ੍ਰਿਸ਼ਟਾਚਾਰ ਦੇ ਕਈ ਦੋਸ਼ਾਂ 'ਚ ਘੇਰਨ ਵਾਲੇ ਸਾਬਕਾ ਮੰਤਰੀ ਕਪਿਲ ਮਿਸ਼ਰਾ ਨੇ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਕੇਂਦਰ ਸਰਕਾਰ ਦੇ ਇਕ ਮੰਤਰੀ ਨੂੰ ਮਿਲਣ ਦਾ ਦੋਸ਼ ਲਾਇਆ। ਕਰਾਵਲ ਨਗਰ ਤੋਂ ਪਾਰਟੀ ਦੇ ਮੁਅੱਤਲ ਵਿਧਾਇਕ ਸ਼੍ਰੀ ਮਿਸ਼ਰਾ ਨੇ ਟਵਿੱਟਰ 'ਤੇ ਲਿਖਿਆ,''ਮੁੱਖ ਮੰਤਰੀ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇਕ ਸੀਨੀਅਰ ਨੇਤਾ ਜੋ ਕੇਂਦਰ ਸਰਕਾਰ 'ਚ ਮੰਤਰੀ ਵੀ ਹਨ, ਉਨ੍ਹਾਂ ਨਾਲ ਮੁਲਾਕਾਤ ਕੀਤੀ ਹੈ ਅਤੇ ਵਾਅਦਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਹੁਣ ਉਹ ਇਕ ਵੀ ਅਪਸ਼ਬਦ ਦੀ ਵਰਤੋਂ ਨਹੀਂ ਕਰਨਗੇ। ਸ਼੍ਰੀ ਮਿਸ਼ਰਾ ਨੇ ਇਹ ਦਾਅਵਾ ਕੀਤਾ ਕਿ ਸ਼੍ਰੀ ਕੇਜਰੀਵਾਲ ਨੇ ਇਹ ਵੀ ਕਿਹਾ ਹੈ ਕਿ ਉਹ ਵਿੱਤ ਮੰਤਰੀ ਅਰੁਣ ਜੇਤਲੀ ਦੇ ਅਪਰਾਧਕ ਮਾਣਹਾਨੀ ਮਾਮਲੇ 'ਚ ਲਿਖਤੀ ਮੁਆਫ਼ੀ ਮੰਗਣਗੇ। ਸ਼੍ਰੀ ਜੇਤਲੀ ਨੇ ਦਿੱਲੀ ਜ਼ਿਲਾ ਕ੍ਰਿਕੇਟ ਐਸੋਸੀਏਸ਼ਨ 'ਚ ਵਿੱਤੀ ਬੇਨਿਯਮੀਆਂ ਦੇ ਦੋਸ਼ਾਂ ਤੋਂ ਬਾਅਦ ਸ਼੍ਰੀ ਕੇਜਰੀਵਾਲ ਸਮੇਤ 'ਆਪ' ਪਾਰਟੀ ਦੇ 6 ਨੇਤਾਵਾਂ 'ਤੇ 10 ਕਰੋੜ ਰੁਪਏ ਦਾ ਅਪਰਾਧਕ ਮਾਣਹਾਨੀ ਦਾ ਮਾਮਲਾ ਦਾਇਰ ਕੀਤਾ ਹੈ। 
ਇਸੇ ਮਾਮਲੇ 'ਚ ਸ਼੍ਰੀ ਕੇਜਰੀਵਾਲ ਦੇ ਵਕੀਲ ਰਾਮ ਜੇਠਮਲਾਨੀ ਦੇ ਇਹ ਕਹਿਣ 'ਤੇ ਮੁੱਖ ਮੰਤਰੀ ਦੀ ਸਲਾਹ 'ਤੇ ਉਨ੍ਹਾਂ ਨੇ ਸ਼੍ਰੀ ਜੇਤਲੀ ਨੂੰ ਅਪਮਾਨਜਨਕ ਸ਼ਬਦ ਕਹੇ ਸਨ, ਇਸ ਨੂੰ ਲੈ ਕੇ ਵੀ ਇੰਨੀ ਹੀ ਰਾਸ਼ੀ ਦਾ ਇਕ ਹੋਰ ਮੁਕੱਦਮਾ ਠੋਕਿਆ ਗਿਆ ਹੈ। ਇਸ ਮੁਕੱਦਮੇ 'ਚ ਜਵਾਬ ਨਾ ਦੇਣ 'ਤੇ ਅਦਾਲਤ ਨੇ ਸ਼੍ਰੀ ਕੇਜਰੀਵਾਲ 'ਤੇ 10 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਾਇਆ ਹੈ। ਸਾਬਕਾ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਕਿ ਸ਼੍ਰੀ ਕੇਜਰੀਵਾਲ ਦੇ ਪ੍ਰਧਾਨ ਮੰਤਰੀ ਦੇ ਖਿਲਾਫ ਇਕ ਵੀ ਅਪਸ਼ਬਦ ਦੀ ਵਰਤੋਂ ਨਾ ਕਰਨ ਦੇ ਵਾਅਦੇ ਤੋਂ ਬਾਅਦ ਮੰਤਰੀ ਨੇ ਕਿਹਾ ਕਿ ਉਹ ਸਮਝਦੇ ਹਨ ਕਿ ਸ਼੍ਰੀ ਮੋਦੀ ਕੋਲ ਉਨ੍ਹਾਂ ਦੀਆਂ ਗੱਲਾਂ 'ਤੇ ਧਿਆਨ ਦੇਣ ਦਾ ਸਮਾਂ ਨਹੀਂ ਹੈ। ਇਹ ਪਹਿਲਾ ਮੌਕਾ ਨਹੀਂ ਹੈ ਕਿ ਸ਼੍ਰੀ ਮਿਸ਼ਰਾ ਨੇ ਸ਼੍ਰੀ ਕੇਜਰੀਵਾਲ 'ਤੇ ਨਿਸ਼ਾਨਾ ਸਾਧਿਆ ਹੋਵੇ। ਸ਼੍ਰੀ ਮਿਸ਼ਰਾ ਨੇ ਸ਼੍ਰੀ ਕੇਜਰੀਵਾਲ ਅਤੇ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ 'ਤੇ ਭ੍ਰਿਸ਼ਟਾਚਾਰ ਅਤੇ ਘੁਟਾਲਿਆਂ ਦੇ ਪਹਿਲਾਂ ਵੀ ਕਈ ਦੋਸ਼ ਲਾਉਣ ਦੇ ਨਾਲ ਹੀ ਜਾਂਚ ਏਜੰਸੀਆਂ ਨੂੰ ਇਸ ਦੀ ਸ਼ਿਕਾਇਤ ਕੀਤੀ ਹੈ।