ਜ਼ਿੰਦਾ ਬੱਚੇ ਨੂੰ ਮਰਿਆ ਦੱਸ ਕੇ ਪਰਿਵਾਰ ਨੂੰ ਸੌਂਪਿਆ, ਕੇਜਰੀਵਾਲ ਨੇ ਦਿੱਤੇ ਜਾਂਚ ਦੇ ਹੁਕਮ

12/02/2017 12:01:12 PM

ਨਵੀਂ ਦਿੱਲੀ— ਉੱਤਰੀ-ਪੱਛਮੀ ਦਿੱਲੀ ਦੇ ਪਾਸ਼ ਇਲਾਕੇ ਸ਼ੈਲੀਮਾਰ ਸਥਿਤ ਪ੍ਰਸਿੱਧ ਮੈਕਸ ਹਸਪਤਾਲ ਦੀ ਲਾਪਰਵਾਹੀ ਦਾ ਇਕ ਵੱਡਾ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ ਵਿਚ ਜਨਮੇ ਜੋੜੇ ਬੱਚਿਆਂ ਨੂੰ ਮ੍ਰਿਤਕ ਦੱਸ ਕੇ ਉਨ੍ਹਾਂ ਨੂੰ ਮਾਪਿਆਂ ਨੂੰ ਸੌਂਪ ਦਿੱਤਾ ਗਿਆ, ਜਦੋਂ ਕਿ ਉਨ੍ਹਾਂ ਵਿਚੋਂ ਇਕ ਬੱਚਾ ਜ਼ਿੰਦਾ ਸੀ। ਇਸ ਘਟਨਾ ਮਗਰੋਂ ਪਰਿਵਾਰ ਵਾਲਿਆਂ ਨੇ ਹਸਪਤਾਲ ਵਿਚ ਹੰਗਾਮਾ ਕੀਤਾ, ਜਿਸ ਦੇ ਮਗਰੋਂ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। 
ਉਪਰੋਕਤ ਹਸਪਤਾਲ ਵਿਚ ਇਕ ਔਰਤ ਨੇ ਕੱਲ ਇਨ੍ਹਾਂ ਬੱਚਿਆਂ ਨੂੰ ਜਨਮ ਦਿੱਤਾ। ਇਨ੍ਹਾਂ ਵਿਚੋਂ ਇਕ ਮੌਤ ਜਨਮ ਦੇ ਕੁਝ ਸਮੇਂ ਮਗਰੋਂ ਹੋ ਗਈ, ਜਦਕਿ ਦੂਸਰੇ ਨੂੰ ਵੀ ਡਾਕਟਰਾਂ ਨੇ ਇਕ ਘੰਟੇ ਬਾਅਦ ਮ੍ਰਿਤਕ ਦੱਸ ਕੇ ਪਾਰਸਲ ਵਿਚ ਲਪੇਟ ਵਿਚ ਮਾਪਿਆਂ ਨੂੰ ਸੌਂਪ ਦਿੱਤਾ ਪਰ ਇਹ ਬੱਚਾ ਜਿਊਂਦਾ ਸੀ ਅਤੇ ਸਰੀਰ ਵਿਚ ਕੁਝ ਹਰਕਤ ਹੋਣ 'ਤੇ ਬੱਚੇ ਅਤੇ ਮਾਂ ਨੂੰ ਨੇੜੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜਿਥੇ ਦੋਹਾਂ ਦਾ ਇਲਾਜ ਚੱਲ ਰਿਹਾ ਹੈ। ਦਿੱਲੀ ਦੇ ਮੁੱਖ ਮੰੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਨੂੰ ਦਿਲ ਕੰਬਾਊ ਘਟਨਾ ਦੱਸਿਆ ਅਤੇ ਇਸ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ।