ਕੇਜਰੀਵਾਲ ਦਾ ਸਲਾਹਕਾਰ ਜੈਨ ਗ੍ਰਿਫਤਾਰ, ਅਮਾਨਤੁੱਲਾ ਵਲੋਂ ਆਤਮਸਮਰਪਣ

02/22/2018 1:50:28 AM

ਨਵੀਂ ਦਿੱਲੀ—ਦਿੱਲੀ ਪੁਲਸ ਨੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਹੋਈ ਕਥਿਤ ਬਦਸਲੂਕੀ ਤੇ ਕੁੱਟ-ਮਾਰ ਦੇ ਮਾਮਲੇ ਵਿਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਲਾਹਕਾਰ ਵੀ. ਕੇ. ਜੈਨ ਨੂੰ ਗ੍ਰਿਫਤਾਰ ਕਰ ਲਿਆ  ਹੈ। ਇਸਦੇ ਨਾਲ ਹੀ ਵਿਧਾਇਕ ਅਮਾਨਤੁੱਲਾ ਖਾਨ ਨੇ ਜਾਮੀਆ ਨਗਰ ਪੁਲਸ ਥਾਣੇ ਵਿਚ ਬੁੱਧਵਾਰ ਆਤਮਸਮਰਪਣ ਕਰ ਦਿੱਤਾ। ਅਮਾਨਤੁੱਲਾ ਨੇ ਕਿਹਾ ਕਿ ਅਸੀਂ ਕੁਝ ਵੀ ਗਲਤ ਨਹੀਂ ਕੀਤਾ।
ਨਹੀਂ ਹੋਵੇਗੀ ਮਾਮਲੇ ਦੀ ਤੁਰੰਤ ਸੁਣਵਾਈ : ਹਾਈ ਕੋਰਟ
ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕਾਂ ਦੇ ਕਥਿਤ ਹਮਲੇ ਵਿਚ ਤੁਰੰਤ ਅਦਾਲਤੀ ਦਖਲਅੰਦਾਜ਼ੀ ਦੀ ਮੰਗ ਨਾਲ ਜੁੜੀ ਇਕ ਪਟੀਸ਼ਨ ਨੂੰ ਬੁੱਧਵਾਰ ਦਿੱਲੀ ਹਾਈ ਕੋਰਟ ਨੇ ਅਪ੍ਰਵਾਨ ਕਰ ਦਿੱਤਾ। ਤੁਰੰਤ ਸੁਣਵਾਈ ਲਈ ਇਹ ਪਟੀਸ਼ਨ ਕਾਰਜਵਾਹਕ ਚੀਫ ਜਸਟਿਸ ਗੀਤਾ ਮਿੱਤਲ ਅਤੇ ਜਸਟਿਸ ਸੀ. ਹਰੀਸ਼ੰਕਰ 'ਤੇ ਆਧਾਰਿਤ ਬੈਂਚ ਦੇ ਸਾਹਮਣੇ ਪੇਸ਼ ਕੀਤੀ ਗਈ ਸੀ। ਬੈਂਚ ਨੇ ਕਿਹਾ ਕਿ ਦਿੱਲੀ ਪੁਲਸ ਪਹਿਲਾਂ ਤੋਂ ਹੀ ਇਸ ਮਾਮਲੇ ਨੂੰ ਵੇਖ ਰਹੀ ਹੈ। ਉਹ ਅੰਤਿਮ ਨਤੀਜੇ ਦੀ ਉਡੀਕ ਕਰੇਗੀ। ਬੈਂਚ ਨੇ ਕਿਹਾ ਕਿ ਪੁਲਸ ਕਾਨੂੰਨ ਮੁਤਾਬਕ ਕਾਰਵਾਈ ਕਰੇਗੀ। ਮੀਡੀਆ ਵਿਚ ਆਈਆਂ ਖਬਰਾਂ ਮੁਤਾਬਕ ਦੋਵਾਂ ਧਿਰਾਂ ਦੀ ਇਸ ਮਾਮਲੇ ਵਿਚ ਵੱਖ-ਵੱਖ ਕਹਾਣੀ ਹੈ।