ਅੱਤਵਾਦ ਵਿੱਤ ਪੋਸ਼ਣ ਮਾਮਲਾ : ਕਸ਼ਮੀਰੀ ਕਾਰੋਬਾਰੀ ਵਟਾਲੀ ਦੀ ਜਾਇਦਾਦ ਕੁਰਕ

06/12/2023 11:07:12 AM

ਸ਼੍ਰੀਨਗਰ (ਭਾਸ਼ਾ)- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਅੱਤਵਾਦ ਦੇ ਵਿੱਤ ਪੋਸ਼ਣ ਮਾਮਲੇ 'ਚ ਸੋਮਵਾਰ ਨੂੰ ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ 'ਚ ਕਾਰੋਬਾਰੀ ਜ਼ਹੂਰ ਅਹਿਮਦ ਸ਼ਾਹ ਵਟਾਲੀ ਦੀ ਜਾਇਦਾਦ ਕੁਰਕ ਕਰ ਲਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਐੱਨ.ਆਈ.ਏ. ਦੀ ਇਕ ਟੀਮ ਨੇ ਉੱਤਰੀ ਕਸ਼ਮੀਰ 'ਚ ਕੁਪਵਾੜਾ ਜ਼ਿਲ੍ਹੇ ਦੇ ਹੰਦਵਾੜਾ ਖੇਤਰ ਦੇ ਬਘਾਟਪੋਰਾ ਅਤੇ ਕਛਵਾਰੀ ਪਿੰਡਾਂ 'ਚ ਵਟਾਲੀ ਦੀ ਅਚੱਲ ਜਾਇਦਾਦਾਂ ਕੁਰਕ ਕੀਤੀਆਂ। ਅਧਿਕਾਰੀਆਂ ਨੇ ਕਿਹਾ ਕਿ ਜਾਇਦਾਦਾਂ 'ਚ ਵਟਾਲੀ ਦੇ ਨਾਮ 'ਤੇ ਰਜਿਸਟਰਡ ਜ਼ਮੀਨ ਵੀ ਸ਼ਾਮਲ ਹੈ।

ਵਟਾਲੀ ਅੱਤਵਾਦ ਦੇ ਵਿੱਤ ਪੋਸ਼ਣ ਮਾਮਲੇ 'ਚ ਦੋਸ਼ੀ ਹੈ। ਉਨ੍ਹਾਂ ਦੱਸਿਆ ਕਿ ਮਈ 'ਚ ਨਵੀਂ ਦਿੱਲੀ ਸਥਿਤ ਵਿਸ਼ੇਸ਼ ਐੱਨ.ਆਈ.ਏ. ਅਦਾਲਤ ਦੇ ਇਕ ਆਦੇਸ਼ ਤੋਂ ਬਾਅਦ ਜਾਇਦਾਦਾਂ ਨੂੰ ਕੁਰਕ ਕੀਤਾ ਗਿਆ। ਵਟਾਲੀ ਨੂੰ ਐੱਨ.ਆਈ.ਏ. ਨੇ 2017 'ਚ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂ.ਏ.ਪੀ.ਏ.) ਦੀਆਂ ਵੱਖ-ਵੱਖ ਧਾਰਾਵਾਂ ਦੇ ਅਧੀਨ ਗ੍ਰਿਫ਼ਤਾਰ ਕੀਤਾ ਸੀ। ਇਕ ਹੇਠਲੀ ਅਦਾਲਤ ਨੇ ਪਿਛਲੇ ਸਾਲ ਮਈ 'ਚ ਵਟਾਲੀ ਅਤੇ ਹੋਰ ਖ਼ਿਲਾਫ਼, 2017 'ਚ ਜੰਮੂ ਕਸ਼ਮੀਰ 'ਚ ਅੱਤਵਾਦ ਅਤੇ ਵੱਖਵਾਦੀ ਗਤੀਵਿਧੀਆਂ ਨਾਲ ਜੁੜੇ ਇਕ ਮਾਮਲੇ 'ਚ ਦੋਸ਼ ਤੈਅ ਕੀਤੇ ਸਨ। ਵਟਾਲੀ ਪਿਛਲੇ ਸਾਲ ਫਰਵਰੀ 'ਚ ਜੇਲ੍ਹ ਤੋਂ ਬਾਹਰ ਆਇਆ ਅਤੇ ਉਸ ਨੂੰ ਮੈਡੀਕਲ ਆਧਾਰ 'ਤੇ ਨਜ਼ਰਬੰਦ ਕੀਤਾ ਗਿਆ।

DIsha

This news is Content Editor DIsha