ਕਸ਼ਮੀਰ ''ਤੇ ਫਰਜ਼ੀ ਟਵੀਟ ਕਰ ਕੇ ਘਿਰੀ ਸ਼ੇਹਲਾ, ਸੁਪਰੀਮ ਕੋਰਟ ''ਚ ਸ਼ਿਕਾਇਤ

08/19/2019 1:16:28 PM

ਨਵੀਂ ਦਿੱਲੀ— ਜੇ.ਐੱਨ. ਯੂ. ਦੀ ਸਾਬਕਾ ਵਿਦਿਆਰਥੀ ਨੇਤਾ ਅਤੇ ਜੇ.ਐੱਨ.ਯੂ.ਐੱਸ.ਯੂ. ਦੀ ਸਾਬਕਾ ਉੱਪ ਪ੍ਰਧਾਨ ਸ਼ੇਹਲਾ ਰਸ਼ੀਦ ਜੰਮੂ-ਕਸ਼ਮੀਰ ਦੇ ਹਾਲਾਤ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਪਾਏ ਆਪਣੇ ਪੋਸਟ ਨੂੰ ਲੈ ਕੇ ਮੁਸ਼ਕਲ 'ਚ ਘਿਰਦੀ ਦਿੱਸ ਰਹੀ ਹੈ। ਸ਼ੇਹਲਾ ਰਸ਼ੀਦ ਦੇ ਦਾਅਵਿਆਂ ਨੂੰ ਭਾਰਤੀ ਫੌਜ ਨੇ ਖਾਰਜ ਕਰਦੇ ਹੋਏ ਉਨ੍ਹਾਂ ਨੂੰ ਬੇਬੁਨਿਆਦ ਦੱਸਿਆ ਹੈ। ਭਾਰਤੀ ਫੌਜ ਦੇ ਬਿਆਨ ਤੋਂ ਬਾਅਦ ਹੁਣ ਸੁਪਰੀਮ ਕੋਰਟ ਦੇ ਵਕੀਲ ਅਲਖ ਆਲੋਕ ਸ਼੍ਰੀਵਾਸਤਵ ਨੇ ਰਸ਼ੀਦ 'ਤੇ ਫਰਜ਼ੀ ਖਬਰਾਂ ਪੋਸਟ ਕਰਨ ਦਾ ਦੋਸ਼ ਲਗਾਉਂਦੇ ਹੋਏ ਅਪਰਾਧਕ ਮਾਮਲਾ ਦਰਜ ਕਰਨ ਦੇ ਨਾਲ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਜੇ.ਐੱਨ.ਯੂ.ਐੱਸ.ਯੂ. ਦੀ ਸਾਬਕਾ ਉੱਪ ਪ੍ਰਧਾਨ ਸ਼ੇਹਲਾ ਰਸ਼ੀਦ ਨੇ ਐਤਵਾਰ ਨੂੰ ਕਸ਼ਮੀਰ ਦੇ ਹਾਲਾਤ ਨੂੰ ਲੈ ਕੇ ਸਿਲਸਿਲੇਵਾਰ ਢੰਗ ਨਾਲ 10 ਟਵੀਟ ਕੀਤੇ ਸਨ। ਆਪਣੇ ਪੋਸਟ 'ਚ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਘਾਟੀ 'ਚ ਮੌਜੂਦਾ ਹਾਲਾਤ ਬਹੁਤ ਖਰਾਬ ਹੋ ਗਏ ਹਨ। ਸ਼ੇਹਲਾ ਰਸ਼ੀਦ ਨੇ ਲਿਖਿਆ ਸੀ ਕਿ ਜੰਮੂ-ਕਸ਼ਮੀਰ ਦੇ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਪੁਲਸ ਕੋਲ ਕਾਨੂੰਨ-ਵਿਵਸਥਾ ਦਾ ਕੋਈ ਅਧਿਕਾਰੀ ਮੌਜੂਦ ਨਹੀਂ ਹੈ।ਇਸ ਸਮੇਂ ਕਸ਼ਮੀਰ 'ਚ ਸਭ ਕੁਝ ਪੈਰਾਮਿਲੀਟਰੀ ਫੋਰਸ ਦੇ ਹੱਥਾਂ 'ਚ ਹੈ। ਰਸ਼ੀਦ ਨੇ ਲਿਖਿਆ ਕਿ ਇਕ ਐੱਸ.ਐੱਚ.ਓ. ਦਾ ਟਰਾਂਸਫਰ ਸਿਰਫ ਇਸ ਲਈ ਕਰ ਦਿੱਤਾ ਗਿਆ, ਕਿਉਂਕਿ ਉਸ ਦੀ ਇਕ ਸੀ.ਆਰ.ਪੀ.ਐੱਫ. ਦੇ ਜਵਾਨ ਨੇ ਸ਼ਿਕਾਇਤ ਕਰ ਦਿੱਤੀ ਸੀ। ਇੰਨਾ ਹੀ ਨਹੀਂ ਸ਼ੇਹਲਾ ਨੇ ਆਪਣੇ ਟਵੀਟ 'ਤੇ ਦੋਸ਼ ਲਗਾਇਆ ਕਿ ਸੁਰੱਖਿਆ ਫੋਰਸ ਰਾਤ ਨੂੰ ਘਰ 'ਚ ਆਉਂਦੀ ਹੈ ਅਤੇ ਲੜਕਿਆਂ ਨੂੰ ਚੁੱਕ ਕੇ ਲੈ ਜਾਂਦੀ ਹੈ। ਸ਼ੇਹਲਾ ਰਸ਼ੀਦ ਨੇ ਇਕ ਹੋਰ ਟਵੀਟ ਕਰਦੇ ਹੋਏ ਲਿਖਿਆ ਕਿ ਸ਼ੋਪੀਆਂ ਦੇ ਆਰਮੀ ਕੈਂਪ 'ਚ 4 ਲੋਕਾਂ ਨੂੰ ਲਿਜਾ ਕੇ ਪੁੱਛ-ਗਿੱਛ ਦੇ ਨਾਂ 'ਤੇ ਤੰਗ ਕੀਤਾ ਗਿਆ। ਸ਼ੇਹਲਾ ਦੇ ਸਾਰਿਆਂ ਦਾਅਵਿਆਂ ਨੂੰ ਖਾਰਜ ਕਰਦੇ ਹੋਏ ਭਾਰਤੀ ਫੌਜ ਨੇ ਇਨ੍ਹਾਂ ਗੱਲਾਂ ਨੂੰ ਬੇਬੁਨਿਆਦ ਦੱਸਿਆ ਹੈ। ਫੌਜ ਨੇ ਕਿਹਾ ਕਿ ਅਜਿਹੀਆਂ ਝੂਠੀਆਂ ਅਤੇ ਫਰਜ਼ੀ ਖਬਰਾਂ ਅਸਮਾਜਿਕ ਤੱਤਾਂ ਅਤੇ ਸੰਗਠਨਾਂ ਵਲੋਂ ਕਸ਼ਮੀਰ ਦੀ ਜਨਤਾ ਵਲੋਂ ਲੋਕਾਂ ਨੂੰ ਭੜਕਾਉਣ ਲਈ ਫੈਲਾਈਆਂ ਜਾ ਰਹੀਆਂ ਹਨ।

DIsha

This news is Content Editor DIsha