ਕਰਵਾਚੌਥ : ਅੱਜ ਰਾਤ ਨੂੰ ਇਸ ਸਮੇਂ ਹੋਵੇਗਾ ਚੰਨ ਦਾ ''ਦੀਦਾਰ''

10/08/2017 1:28:15 AM

ਕਰਵਾਚੌਥ ਹਿੰਦੂ ਔਰਤਾਂ ਵਲੋਂ ਮਨਾਇਆ ਜਾਂਦਾ ਹੈ। ਜਿਸ 'ਚ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ, ਤੰਦਰੁਸਤੀ ਲਈ ਇਹ ਵਰਤ ਰੱਖਦੀਆਂ ਹਨ। ਕਰਵਾਚੌਥ ਵਿਆਹੁਤਾ ਔਰਤਾਂ ਲਈ ਇਕ ਵੱਡੇ ਤਿਉਹਾਰ ਦੀ ਤਰ੍ਹਾਂ ਹੀ ਹੁੰਦਾ ਹੈ। ਕਰਵਾਚੌਥ ਹਿੰਦੂ ਕੈਲੰਡਰ ਮੁਤਾਬਕ ਕਾਰਤਿਕ ਮਹੀਨੇ 'ਚ ਕ੍ਰਿਸ਼ਨ ਪੱਖ ਚਤੁਰਥੀ ਦੌਰਾਨ ਆਉਂਦਾ ਹੈ। 
ਚੰਨ ਚੜ੍ਹਨ ਦਾ ਸਮਾਂ
ਕਰਵਾਚੌਥ ਵਾਲੇ ਦਿਨ ਸਾਰੀਆਂ ਸੁਹਾਗਣਾਂ ਆਪਣਾ ਵਰਤ ਚੰਨ ਦਾ ਦੀਦਾਰ ਕਰਨ ਤੋਂ ਬਾਅਦ ਹੀ ਤੋੜਦੀਆਂ ਹਨ। ਇਸ ਦੌਰਾਨ ਉਨ੍ਹਾਂ ਨੂੰ ਚੰਨ ਦਾ ਇੰਤਜਾਰ ਰਹਿੰਦਾ ਹੈ। ਅੱਜ ਚੰਦਰਮਾ ਰਾਤ 08:27 'ਤੇ ਚੜ੍ਹੇਗਾ।  
ਕਰਵਾਚੌਥ ਦੀ ਕਥਾ
ਸਾਰਾ ਦਿਨ ਵਰਤ ਰੱਖਣ ਤੋਂ ਬਾਅਦ ਸ਼ਾਮ ਦੇ ਸਮੇਂ ਮਹਿਲਾਵਾਂ ਪੂਜਾ ਲਈ ਤਿਆਰ ਹੁੰਦੀਆਂ ਹਨ ਅਤੇ ਗੁਆਂਢਣਾ ਨਾਲ ਮਿਲ ਕੇ ਇਕ ਜਗ੍ਹਾ ਇੱਕਠੀਆਂ ਹੁੰਦੀਆਂ ਹਨ। ਜਿਸ ਤੋਂ ਬਾਅਦ ਉਹ ਕਰਵਾਚੌਥ ਦੀ ਕਥਾ ਸੁਣਦੀਆਂ ਹਨ। 
ਪਹਿਲੀ ਕਥਾ 
ਕਰਵਾਚੌਥ ਲਈ ਸਭ ਤੋਂ ਜ਼ਿਆਦਾ 'ਵੀਰਾਵਤੀ' ਦੀ ਕਥਾ ਮਸ਼ਹੂਰ ਹੈ।  ਰਾਣੀ ਵੀਰਾਵਤੀ 7 ਭਰਾਵਾਂ ਦੀ ਇਕਲੌਤੀ ਭੈਣ ਸੀ, ਵਿਆਹ ਤੋਂ ਬਾਅਦ ਜਦੋਂ ਉਹ ਭਰਾਵਾਂ ਕੋਲ ਆਈ ਤਾਂ ਉਸ ਦੌਰਾਨ ਉਸ ਨੇ ਇਕ ਵਰਤ ਰੱਖਿਆ। ਹਾਲਾਂਕਿ ਉਸ ਨੂੰ ਇਸ ਔਖੇ ਵਰਤ ਨੂੰ ਨਿਭਾਉਣ 'ਚ ਕਾਫੀ ਮੁਸ਼ਕਿਲਾਂ ਆ ਰਹੀਆਂ ਸਨ ਅਤੇ ਉਸ ਨੂੰ ਚੰਦਰਮਾ ਨਿਕਲਣ ਤੋਂ ਬਾਅਦ ਹੀ ਕੁੱਝ ਖਾਣਾ ਸੀ। ਅਜਿਹੇ 'ਚ ਉਸ ਦੇ ਭਰਾਵਾਂ ਤੋਂ ਉਸ ਦਾ ਦੁੱਖ ਦੇਖਿਆ ਨਹੀਂ ਗਿਆ ਅਤੇ ਉਨ੍ਹਾਂ ਨੇ ਧੋਖੇ ਨਾਲ ਉਸ ਦਾ ਵਰਤ ਤੁੜਵਾ ਦਿੱਤਾ, ਜਿਵੇ ਹੀ ਵੀਰਾਵਤੀ ਨੇ ਭੋਜਨ ਖਾ ਲਿਆ, ਉਸ ਤੋਂ ਬਾਅਦ ਉਸ ਨੂੰ ਆਪਣੇ ਪਤੀ ਦੇ ਬੀਮਾਰ ਹੋਣ ਦਾ ਸਮਾਚਾਰ ਮਿਲਿਆ ਅਤੇ ਮਹਿਲ ਪਹੁੰਚਣ ਤਕ ਉਸ ਦੇ ਪਤੀ ਦੀ ਮੌਤ ਹੋ ਚੁਕੀ ਸੀ। ਇਸ ਤੋਂ ਬਾਅਦ ਦੇਵੀ ਪਾਰਵਤੀ ਦੀ ਸਲਾਹ 'ਤੇ ਉਸ ਨੇ ਕਰਵਾਚੌਥ ਦੀ ਵਿਧੀ ਪੂਰੀ ਕੀਤੀ ਅਤੇ ਵਰਦਾਨ 'ਚ ਆਪਣੇ ਪਤੀ ਦੀ ਜ਼ਿੰਦਗੀ ਵਾਪਸ ਲਿਆਂਦੀ।
ਦੂਜੀ ਕਥਾ
ਕਰਵਾਚੌਥ ਦੇ ਵਰਤ ਦਾ ਜ਼ਿਕਰ ਮਹਾਭਾਰਤ ਤੋਂ ਵੀ ਮਿਲਦਾ ਹੈ। ਪਾਂਡਵਾਂ 'ਤੇ ਲਗਾਤਾਰ ਆ ਰਹੀਆਂ ਮੁਸੀਬਤਾਂ ਨੂੰ ਦੂਰ ਕਰਨ ਲਈ ਦ੍ਰੋਪਦੀ ਨੇ ਭਗਵਾਨ ਕ੍ਰਿਸ਼ਣ ਤੋਂ ਸਹਾਇਤਾ ਮੰਗੀ, ਤਦ ਸ਼੍ਰੀ ਕ੍ਰਿਸ਼ਣ ਨੇ ਉਸ ਨੂੰ ਕਰਵਾਚੌਥ ਦੇ ਵਰਤ ਦੇ ਬਾਰੇ 'ਚ ਦੱਸਿਆ ਸੀ। ਜਿਸ ਨੂੰ ਦੇਵੀ ਪਾਰਵਤੀ ਨੇ ਭਗਵਾਨ ਸ਼ਿਵ ਦੀਆਂ ਦੱਸੀਆਂ ਵਿਧੀਆਂ ਮੁਤਾਬਕ ਰੱਖਿਆ ਸੀ। ਕਿਹਾ ਜਾਂਦਾ ਹੈ ਕਿ ਦ੍ਰੋਪਦੀ ਦੇ ਇਸ ਵਰਤ ਨੂੰ ਰੱਖਣ ਤੋਂ ਬਾਅਦ ਨਾ ਸਿਰਫ ਪਾਂਡਵਾਂ ਦੀਆਂ ਤਕਲੀਫਾਂ ਦੂਰ ਹੋ ਗਈਆਂ ਬਲਕਿ ਉਨ੍ਹਾਂ ਦੀਆਂ ਸ਼ਕਤੀਆਂ ਵੀ ਕਈ ਗੁਣਾ ਵਧ ਗਈਆਂ ਸਨ।  

ਤੀਜੀ ਕਥਾ 
ਕਰਵਾਚੌਥ ਦੇ ਵਰਤ ਨੂੰ ਸਤਿਆਵਾਨ ਅਤੇ ਸਵਿਤਰੀ ਦੀ ਕਥਾ ਨਾਲ ਵੀ ਜੋੜਿਆ ਜਾਂਦਾ ਹੈ। ਇਸ ਕਥਾ ਮੁਤਾਬਕ ਜਦੋਂ ਯਮਰਾਜ ਸਤਿਆਵਾਨ ਦੀ ਆਤਮਾ ਨੂੰ ਲੈ ਕੇ ਆਇਆ ਤਾਂ ਸਵਿਤਰੀ ਨੇ ਖਾਣਾ-ਪੀਣਾ ਸਭ ਤਿਆਗ ਦਿੱਤਾ ਸੀ। ਉਸ ਦੀ ਜਿੱਦ ਅੱਗੇ ਯਮਰਾਜ ਨੂੰ ਝੁਕਣਾ ਹੀ ਪਿਆ ਜਿਸ ਦੌਰਾਨ ਉਸ ਨੇ ਸਤਿਆਵਾਨ ਨੂੰ ਜੀਵਨ ਦਾਨ ਦੇ ਦਿੱਤਾ।
ਚੌਥੀ ਕਥਾ

ਇਕ ਸਮੇਂ ਦੀ ਗੱਲ ਹੈ ਕਿ ਇਕ ਕਰਵਾ ਨਾਂ ਦੀ ਪਤੀਵ੍ਰਤਾ ਇਸਤਰੀ ਆਪਣੇ ਪਤੀ ਦੇ ਨਾਲ ਨਦੀ ਕਿਨਾਰੇ ਦੇ ਪਿੰਡ 'ਚ ਰਹਿੰਦੀ ਸੀ। ਇਕ ਦਿਨ ਉਸ ਦਾ ਪਤੀ ਨਦੀ 'ਚ ਇਸਨਾਨ ਕਰਨ ਗਿਆ। ਇਸਨਾਨ ਕਰਦੇ ਸਮੇਂ ਉਥੇ ਇਕ ਮਗਰਮੱਛ ਨੇ ਉਸ ਦਾ ਪੈਰ ਫੜ੍ਹ ਲਿਆ। ਉਹ ਵਿਅਕਤੀ ਕਰਵਾ-ਕਰਵਾ ਕਹਿ ਕੇ ਆਪਣੀ ਪਤਨੀ ਨੂੰ ਬੁਲਾਉਣ ਲੱਗਾ।
ਉਸ ਦੀ ਆਵਾਜ਼ ਸੁਣ ਕੇ ਉਸ ਦੀ ਪਤਨੀ ਕਰਵਾ ਭੱਜੀ ਆਈ ਅਤੇ ਆ ਕੇ ਉਸ ਨੇ ਮਗਰਮੱਛ ਨੂੰ ਕੱਚੇ ਧਾਗੇ ਨਾਲ ਬੰਨ ਦਿੱਤਾ। ਮਗਰਮੱਛ ਨੂੰ ਬੰਨ ਕੇ ਉਹ ਯਮਰਾਜ ਕੋਲ ਪਹੁੰਚੀ ਅਤੇ ਯਮਰਾਜ ਨੂੰ ਕਹਿਣ ਲੱਗੀ, 'ਹੇ ਭਗਵਾਨ' ਮਗਰਮੱਛ ਨੇ ਮੇਰੇ ਪਤੀ ਦਾ ਪੈਰ ਫੜ੍ਹ ਲਿਆ ਹੈ, ਉਸ ਮਗਰਮੱਛ ਨੂੰ ਨਰਕ 'ਚ ਲੈ ਜਾਓ। ਇਸ ਦਾ ਜਵਾਬ ਦਿੰਦੇ ਹੋਏ ਯਮਰਾਜ ਨੇ ਕਿਹਾ ਕਿ ਅਜੇ ਮਗਰਮੱਛ ਦੀ ਉਮਰ ਬਾਕੀ ਹੈ, ਮੈਂ ਉਸ ਨਹੀਂ ਮਾਰ ਸਕਦਾ। ਇਸ 'ਤੇ ਕਰਵਾ ਬੋਲੀ ਜੇਕਰ ਤੁਸੀਂ ਅਜਿਹਾ ਨਹੀਂ ਕਰੋਗੇ ਤਾਂ ਮੈਂ ਤੁਹਾਨੂੰ ਸ਼ਰਾਪ ਦੇ ਦੇਵਾਗੀ।
ਇਹ ਸੁਣ ਕੇ ਯਮਰਾਜ ਡਰ ਗਿਆ ਅਤੇ ਉਸ ਨੇ ਕਰਵਾ ਨਾਲ ਆ ਕੇ ਮਗਰਮੱਛ ਨੂੰ ਯਮਪੂਰੀ ਭੇਜ ਦਿੱਤਾ ਅਤੇ ਕਰਵਾ ਦੇ ਪਤੀ ਨੂੰ ਲੰਬੀ ਉਮਰ ਦਿੱਤੀ।