ਕਰਨਾਟਕ ''ਚ ਭਾਰੀ ਮੀਂਹ ਦਾ ਕਹਿਰ, ਢਹਿ-ਢੇਰੀ ਹੋਇਆ ਘਰ

10/23/2019 11:16:08 AM

ਚੇਨਈ— ਕਰਨਾਟਕ 'ਚ ਬਾਰਸ਼ ਨੇ ਭਾਰੀ ਤਬਾਹੀ ਮਚਾ ਰੱਖੀ ਹੈ। ਇਸ ਕਾਰਨ ਕਈ ਨਦੀਆਂ, ਛੋਟੀਆਂ ਨਦੀਆਂ ਅਤੇ ਨਾਲੇ ਉਫਾਨ 'ਤੇ ਹਨ। ਹੁਣ ਤੱਕ 5 ਲੋਕਾਂ ਦੀ ਮੌਤ ਹੋ ਚੁਕੀ ਹੈ। ਕਈ ਜਗ੍ਹਾ 'ਤੇ ਘਰ ਅਤੇ ਸੜਕਾਂ ਖਰਾਬ ਹੋਈਆਂ ਹਨ। ਇਸ ਨਾਲ ਜਨਜੀਵਨ ਵੀ ਪ੍ਰਭਾਵਿਤ ਹੈ। ਇਸ ਦਰਮਿਆਨ ਇਕ ਅਜਿਹਾ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਇਕ ਮਕਾਨ ਕੁਝ ਸੈਕਿੰਡਾਂ 'ਚ ਢਹਿ ਗਿਆ। ਵਾਇਰਲ ਵੀਡੀਓ ਕਰਨਾਟਕ ਦੇ ਹੋਸੁਰੂ ਪਿੰਡ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਭਾਰੀ ਬਾਰਸ਼ ਦੌਰਾਨ ਇਹ ਘਰ ਪੂਰੀ ਤਰ੍ਹਾਂ ਢਹਿ ਗਿਆ। ਵੀਡੀਓ 'ਚ ਦਿੱਸ ਰਿਹਾ ਹੈ ਕਿ ਨੇੜੇ-ਤੇੜੇ ਦੇ ਲੋਕ ਕੁਝ ਦੂਰੀ 'ਤੇ ਖੜ੍ਹੇ ਹੋ ਕੇ ਇਸ ਨੂੰ ਢਹਿੰਦੇ ਹੋਏ ਦੇਖ ਰਹੇ ਹਨ। ਕੁਝ ਲੋਕ ਇਸ ਦਾ ਵੀਡੀਓ ਬਣਾ ਰਹੇ ਹਨ। ਖਸਤਾ ਹਾਲਤ 'ਚ ਦਿੱਸ ਰਿਹਾ ਇਹ ਮਕਾਨ ਦੇਖਦੇ ਹੀ ਦੇਖਦੇ ਢਹਿ ਜਾਂਦਾ ਹੈ। ਮਕਾਨ ਢਹਿਣ ਤੋਂ ਬਾਅਦ ਉੱਥੇ ਕੁਝ ਦੇਰ ਭੱਜ-ਦੌੜ ਦਾ ਮਾਹੌਲ ਰਿਹਾ। ਦੂਜੇ ਪਾਸੇ ਪਾਲਾਰ ਖੇਤਰ 'ਚ ਬਾਰਸ਼ ਤੋਂ ਬਾਅਦ ਕਈ ਸੜਕਾਂ ਨੁਕਸਾਨੀਆਂ ਗਈਆਂ ਹਨ। ਇਸ ਨਾਲ ਆਵਾਜਾਈ ਪ੍ਰਭਾਵਿਤ ਹੈ।

ਮੌਸਮ ਵਿਭਾਗ ਵੱਲ ਉੱਤਰੀ ਅਤੇ ਦੱਖਣੀ ਕਰਨਾਟਕ 'ਚ ਅਗਲੇ ਤਿੰਨ-ਚਾਰ ਦਿਨਾਂ ਤੱਕ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਕੇਰਲ ਨੂੰ ਵੀ ਰੈੱਡ ਅਲਰਟ 'ਤੇ ਰੱਖਿਆ ਗਿਆ ਹੈ। ਕਰਨਾਟਕ ਦੇ ਪ੍ਰਦੇਸ਼ ਆਫ਼ਤ ਪ੍ਰਬੰਧਨ ਕੇਂਦਰ ਦੇ ਡਾਇਰੈਕਟਰ ਜੀ.ਐੱਸ. ਸ਼੍ਰੀਨਿਵਾਸ ਰੈੱਡੀ ਨੇ ਦੱਸਿਆ ਕਿ ਆਉਣ ਵਾਲੇ 2-3 ਦਿਨਾਂ 'ਚ ਪ੍ਰਦੇਸ਼ 'ਚ ਬਾਰਸ਼ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਕ੍ਰਿਸ਼ਨਾ ਅਤੇ ਇਸ ਦੀਆਂ ਸਹਾਇਕ ਨਦੀਆਂ ਦਾ ਜਲ ਪੱਧਰ ਵੀ ਤੇਜ਼ੀ ਨਾਲ ਵਧੇਗਾ।