ਕੋਰੋਨਾ ''ਚ ਸਬ ਇੰਸਪੈਕਟਰ ਨੇ ਕਰਵਾਇਆ ਵਿਆਹ, ਕਿਹਾ- ਐਮਰਜੈਂਸੀ ਹੋਈ ਤਾਂ ਡਿਊਟੀ ''ਤੇ ਆਵਾਂਗਾ

05/15/2020 1:00:06 PM

ਕਰਨਾਟਕ— ਕੋਰੋਨਾ ਦਾ ਸੰਕਟ ਭਾਰਤ 'ਚ ਲਗਾਤਾਰ ਵੱਧਦਾ ਜਾ ਰਿਹਾ ਹੈ। ਕੋਰੋਨਾ ਕਰ ਕੇ ਪੂਰਾ ਦੇਸ਼ ਲਾਕਡਾਊਨ ਹੈ ਅਤੇ ਹੌਲੀ-ਹੌਲੀ ਸਭ ਕੁਝ ਪਹਿਲਾਂ ਵਾਂਗ ਖੁੱਲ੍ਹਣ ਦੀ ਉਡੀਕ ਹਰ ਕਿਸੇ ਨੂੰ ਹੈ। ਸੂਬਾਈ ਸਰਕਾਰਾਂ ਵਲੋਂ ਕੁਝ ਜ਼ਰੂਰੀ ਸਾਮਾਨ ਦੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਆਗਿਆ ਨਾਲ ਹੀ ਸਮਾਂ ਵੀ ਵਧਾ ਦਿੱਤਾ ਗਿਆ। ਕੋਰੋਨਾ ਯੋਧਿਆਂ 'ਚ ਜਿੱਥੇ ਪੁਲਸ ਕਰਮਚਾਰੀ ਸਖਤ ਡਿਊਟੀ ਨਿਭਾ ਰਹੇ ਹਨ, ਉੱਥੇ ਹੀ ਡਾਕਟਰ ਅਤੇ ਨਰਸਾਂ ਵੀ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾ ਰਹੇ ਹਨ। ਇਸ ਦਰਮਿਆਨ ਕਰਟਨਾਕ ਦੇ ਕੋਲਾਰ ਸਥਿਤ ਚਿੰਤਾਮਣੀ ਗ੍ਰਾਮੀਣ ਪੁਲਸ ਸਟੇਸ਼ਨ ਦੇ ਸਬ ਇੰਸਪੈਕਟਰ ਨਰੇਸ਼ ਨਾਈਕ ਨੇ ਕੋਰੋਨਾ ਵਾਇਰਸ ਮਹਾਮਾਰੀ 'ਚ ਇਕ ਵੀ ਦਿਨ ਛੁੱਟੀ ਨਹੀਂ ਲਈ ਸੀ। ਬੁੱਧਵਾਰ ਨੂੰ ਜਦੋਂ ਉਨ੍ਹਾਂ ਨੇ ਦੋ ਦਿਨ ਦੀ ਛੁੱਟੀ ਮੰਗੀ ਤਾਂ ਉਨ੍ਹਾਂ ਦੇ ਸੀਨੀਅਰ ਵੀ ਉਨ੍ਹਾਂ ਨੂੰ ਇਨਕਾਰ ਨਹੀਂ ਕਰ ਸਕੇ। ਦਰਅਸਲ ਨਾਈਕ ਦਾ ਵੀਰਵਾਰ ਨੂੰ ਵਿਆਹ ਸੀ ਪਰ ਉਨ੍ਹਾਂ ਨੇ ਭਰੋਸਾ ਦਿਵਾਇਆ ਸੀ ਕਿ ਜੇਕਰ ਲੋੜ ਪਈ ਤਾਂ ਉਹ ਇਕ ਕਾਲ 'ਤੇ ਹੀ ਡਿਊਟੀ 'ਤੇ ਹਾਜ਼ਰ ਹੋ ਜਾਣਗੇ।
ਚੰਗੀ ਗੱਲ ਇਹ ਰਹੀ ਕਿ ਬੁੱਧਵਾਰ ਅਤੇ ਵੀਰਵਾਰ ਦੋਵੇਂ ਦਿਨ ਗ੍ਰਾਮੀਣ ਪੁਲਸ ਥਾਣੇ ਦੀ ਸੀਮਾ ਵਿਚ ਕੋਈ ਐਮਰਜੈਂਸੀ ਨਹੀਂ ਆਈ। ਨਾਈਕ ਚਿੰਤਾਮਣੀ ਨੇੜੇ ਮੁਰੂਗਾਮੱਲਾ ਦੇ ਸ਼੍ਰੀ ਮੁਕਤੇਸ਼ਵਰ ਮੰਦਰ ਵਿਚ ਸਵੇਰੇ 5 ਤੋਂ 5.30 ਵਜੇ ਦਰਮਿਆਨ ਗੌਰੀਬਦਨੂਰ ਦੀ ਮੋਨਿਕਾ ਨਾਲ ਵਿਆਹ ਦੇ ਬੰਧਨ ਵਿਚ ਬੱਝ ਗਏ। ਵਿਆਹ ਵਿਚ ਐੱਸ. ਪੀ. ਮਿਥੁਨ ਕੁਮਾਰ ਅਤੇ ਡੀ. ਐੱਸ. ਪੀ. ਸ਼੍ਰੀਨਿਵਾਸ ਸਮੇਤ ਨਾਈਕ ਦੇ ਕਰੀਬੀ ਰਿਸ਼ਤੇਦਾਰਾਂ ਅਤੇ ਪੁਲਸ ਵਿਭਾਗ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ। ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਦਿਆਂ ਇਹ ਵਿਆਹ ਹੋਇਆ। ਦੱਸ ਦੇਈਏ ਕਿ 2010 ਦੇ ਪੀ. ਐੱਸ. ਆਈ. ਬੈਂਚ ਦੇ ਨਰੇਸ਼ ਨਾਈਕ ਤੁਮਰੁਕੂ ਜ਼ਿਲੇ ਦੇ ਮਧੁਗਿਰੀ ਤੋਂ ਹਨ ਅਤੇ ਚਿਕਮੰਗਲੁਰੂ, ਬੈਂਗਲੁਰੂ ਅਤੇ ਕੇ. ਜੀ. ਐੱਫ. ਸਮੇਤ ਕਈ ਥਾਵਾਂ 'ਤੇ ਸੇਵਾਵਾਂ ਦੇ ਚੁੱਕੇ ਹਨ।

Tanu

This news is Content Editor Tanu