ਕਾਨਪੁਰ ਪੁਲਸ ਐਨਕਾਊਂਟਰ ਦਾ ਦੋਸ਼ੀ 50 ਹਜ਼ਾਰ ਦਾ ਇਨਾਮੀ ਬਦਮਾਸ਼ ਗ੍ਰਿਫ਼ਤਾਰ

08/03/2020 2:22:08 PM

ਲਖਨਊ (ਭਾਸ਼ਾ)— ਉੱਤਰ ਪ੍ਰਦੇਸ਼ ਪੁਲਸ ਦੀ ਸਪੈਸ਼ਲ ਟਾਕਸ ਫ਼ੋਰਸ (ਐੱਸ. ਟੀ. ਐੱਫ.) ਨੇ ਕਾਨਪੁਰ ਦੇ ਬਿਕਰੂ ਪਿੰਡ 'ਚ 8 ਪੁਲਸ ਮੁਲਾਜ਼ਮਾਂ ਦੇ ਕਤਲ 'ਚ ਸ਼ਾਮਲ 50 ਹਜ਼ਾਰ ਰੁਪਏ ਦੇ ਇਨਾਮੀ ਬਦਮਾਸ਼ ਰਾਮ ਸਿੰਘ ਯਾਦਵ ਨੂੰ ਗ੍ਰਿਫ਼ਤਾਰ ਕੀਤਾ ਹੈ। ਬਦਮਾਸ਼ ਵਿਕਾਸ ਦੁਬੇ ਦੇ ਸਾਥੀ ਯਾਦਵ ਨੂੰ ਕਾਨਪੁਰ ਦੇਹਾਤ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਨੇ ਸੋਮਵਾਰ ਭਾਵ ਅੱਜ ਇਸ ਦੀ ਜਾਣਕਾਰੀ ਦਿੱਤੀ। ਐੱਸ. ਟੀ. ਐੱਫ. ਵਲੋਂ ਸੋਮਵਾਰ ਨੂੰ ਜਾਰੀ ਬਿਆਨ ਮੁਤਾਬਕ ਪਿਛਲੀ 2-3 ਜੁਲਾਈ ਦੀ ਦਰਮਿਆਨੀ ਰਾਤ ਨੂੰ ਬਿਕਰੂ ਪਿੰਡ ਵਿਚ ਬਦਮਾਸ਼ ਵਿਕਾਸ ਦੁਬੇ ਦੇ ਸਾਥੀਆਂ ਵਲੋਂ 8 ਪੁਲਸ ਮੁਲਾਜ਼ਮਾਂ ਦਾ ਕਤਲ ਕਰ ਦਿੱਤਾ ਗਿਆ, ਜਦੋਂ ਪੁਲਸ ਉਕਤ ਥਾਂ 'ਤੇ ਬਦਮਾਸ਼ਾਂ ਦੀ ਦਬਿਸ਼ ਲਈ ਗਈ ਸੀ। 

ਪੁਲਸ ਮੁਲਾਜ਼ਮਾਂ ਦੇ ਕਤਲ ਦੇ ਦੋਸ਼ 'ਚ ਸ਼ਾਮਲ 50 ਹਜ਼ਾਰ ਇਨਾਮੀ ਬਦਮਾਸ਼ ਰਾਮ ਸਿੰਘ ਯਾਦਵ ਨੂੰ ਐਤਵਾਰ ਦੇਰ ਸ਼ਾਮ ਕਾਨਪੁਰ ਦੇਹਾਤ ਦੇ ਅਕਬਰਪੁਰ ਇਲਾਕੇ 'ਚ ਗ੍ਰਿਫ਼ਤਾਰ ਕੀਤਾ ਗਿਆ। ਐੱਸ. ਟੀ. ਐੱਫ. ਮੁਤਾਬਕ ਯਾਦਵ ਨੇ ਪੁੱਛ-ਗਿੱਛ 'ਚ ਦੱਸਿਆ ਕਿ ਵਾਰਦਾਤ ਦੀ ਰਾਤ ਵਿਕਾਸ ਦੇ ਕਹਿਣ 'ਤੇ ਉਹ ਆਪਣੀ ਡਬਲ ਬੈਰਲ ਲਾਇਸੈਂਸੀ ਬੰਦੂਕ ਲੈ ਕੇ ਉਸ ਦੇ ਘਰ ਪਹੁੰਚਿਆ ਸੀ ਅਤੇ ਵਿਕਾਸ ਦੇ ਸਾਥੀ ਪ੍ਰਭਾਤ ਦੇ ਘਰ ਦੀ ਛੱਤ 'ਤੇ ਖੜ੍ਹੇ ਹੋ ਕੇ ਉਸ ਨੇ ਪੁਲਸ ਮੁਲਾਜ਼ਮਾਂ 'ਤੇ ਗੋਲੀਆਂ ਵਰ੍ਹਾਈਆਂ ਸਨ। ਯਾਦਵ ਨੇ ਇਹ ਵੀ ਦੱਸਿਆ ਕਿ ਉਸ ਨੂੰ ਮਾਰੇ ਗਏ ਪੁਲਸ ਮੁਲਾਜ਼ਮਾਂ ਦੀਆਂ ਲਾਸ਼ਾਂ ਨੂੰ ਇਕੱਠਾ ਕਰ ਕੇ ਉਨ੍ਹਾਂ ਨੂੰ ਸਾੜਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਪਰ ਮੌਕੇ 'ਤੇ ਵੱਡੀ ਗਿਣਤੀ ਵਿਚ ਪੁਲਸ ਫ਼ੋਰਸ ਪਹੁੰਚਣ ਕਾਰਨ ਉਹ ਫਰਾਰ ਹੋ ਗਿਆ ਸੀ।

ਜ਼ਿਕਰਯੋਗ ਹੈ ਕਿ ਪਿਛਲੇ 2-3 ਦਿਨ ਜੁਲਾਈ ਦੀ ਮੱਧ ਰਾਤ ਕਰੀਬ 2 ਵਜੇ ਬਿਕਰੂ ਪਿੰਡ 'ਚ ਅਪਰਾਧੀ ਵਿਕਾਸ ਦੁਬੇ ਨੂੰ ਫੜਨ ਗਈ ਪੁਲਸ 'ਤੇ ਉਸ ਦੇ ਸਾਥੀਆਂ ਨੇ ਤਾਬੜਤੋੜ ਗੋਲੀਆਂ ਵਰ੍ਹਾਈਆਂ ਸਨ। ਇਸ ਵਾਰਦਾਤ 'ਚ ਬਿਲਹੌਰ ਦੇ ਉਸ ਵੇਲੇ ਦੇ ਪੁਲਸ ਖੇਤਰ ਅਧਿਕਾਰੀ ਦਵਿੰਦਰ ਮਿਸ਼ਰਾ, ਤਿੰਨ ਦਰੋਗਾ ਅਤੇ ਚਾਰ ਕਾਂਸਟੇਬਲ ਮਾਰੇ ਗਏ ਸਨ। 6 ਹੋਰ ਪੁਲਸ ਮੁਲਾਜ਼ਮ ਜ਼ਖਮੀ ਹੋਏ ਸਨ। ਇਸ ਮਾਮਲੇ ਵਿਚ ਕੁੱਲ 21 ਗਿਆਤ ਅਤੇ 60-70 ਅਣਪਛਾਤੇ ਬਦਮਾਸ਼ਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਸੀ। ਮਾਮਲੇ ਦਾ ਮੁੱਖ ਦੋਸ਼ੀ ਵਿਕਾਸ ਦੁਬੇ 10 ਜੁਲਾਈ ਨੂੰ ਉੱਜੈਨ ਤੋਂ ਕਾਨਪੁਰ ਲਿਆਉਂਦੇ ਸਮੇਂ ਰਸਤੇ 'ਚ ਐੱਸ. ਟੀ. ਐੱਫ. ਨਾਲ ਹੋਏ ਮੁਕਾਬਲੇ 'ਚ ਮਾਰਿਆ ਗਿਆ।

Tanu

This news is Content Editor Tanu