JNU ਹਿੰਸਾ : ਪੁਲਸ ਨੇ ਦਰਜ ਕੀਤੀ FIR, ਜ਼ਖਮੀ ਵਿਦਿਆਰਥੀ ਹਸਪਤਾਲ ਤੋਂ ਡਿਸਚਾਰਜ

01/06/2020 11:08:01 AM

ਨਵੀਂ ਦਿੱਲੀ— ਦਿੱਲੀ ਦੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐੱਨ.ਯੂ.) 'ਚ ਐਤਵਾਰ ਰਾਤ ਨੂੰ ਵਿਦਿਆਰਥੀਆਂ 'ਤੇ ਨਕਾਬਪੋਸ਼ਾਂ ਦੇ ਹਮਲੇ ਤੋਂ ਬਾਅਦ ਘਿਰੀ ਦਿੱਲੀ ਪੁਲਸ ਹੁਣ ਐਕਸ਼ਨ 'ਚ ਹੈ। ਪੁਲਸ ਨੇ ਸੋਮਵਾਰ ਸਵੇਰੇ ਅਣਪਛਾਤੇ ਲੋਕਾਂ ਵਿਰੁੱਧ ਦੰਗਾ ਭੜਕਾਉਣ ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦਾ ਕੇਸ ਦਰਜ ਕਰ ਲਿਆ ਹੈ। ਪੁਲਸ ਅਨੁਸਾਰ ਉਸ ਨੂੰ ਕੁੱਟਮਾਰ ਨੂੰ ਲੈ ਕੇ ਕਈ ਸ਼ਿਕਾਇਤਾਂ ਮਿਲੀਆਂ ਹਨ। ਪੁਲਸ ਕੁਝ ਨਕਾਬਪੋਸ਼ਾਂ ਨੂੰ ਪਛਾਣ ਕੀਤੇ ਜਾਣ ਦਾ ਵੀ ਦਾਅਵਾ ਕਰ ਰਹੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਦੇ ਉੱਪ ਰਾਜਪਾਲ ਅਨਿਲ ਬੈਜਲ ਅਤੇ ਦਿੱਲੀ ਪੁਲਸ ਕਮਿਸ਼ਨ ਨਾਲ ਗੱਲ ਕਰ ਕੇ ਹਿੰਸਾ 'ਤੇ ਤੁਰੰਤ ਰਿਪੋਰਟ ਮੰਗੀ ਹੈ। ਇਸ ਵਿਚ ਹਮਲੇ 'ਚ ਜ਼ਖਮੀ ਹੋਣ ਤੋਂ ਬਾਅਦ ਏਮਜ਼ 'ਚ ਭਰਤੀ ਕਰਵਾਏ ਗਏ ਵਿਦਿਆਰਥੀ-ਵਿਦਿਆਰਥਣਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਇਸ ਹਮਲੇ 'ਚ 25 ਤੋਂ ਵਧ ਜ਼ਖਮੀ ਹੋਏ ਸਨ।

ਦੋਵੇਂ ਧਿਰਾਂ ਨੇ ਇਕ-ਦੂਜੇ 'ਤੇ ਲਗਾਏ ਦੋਸ਼
ਦੱਸਣਯੋਗ ਹੈ ਕਿ ਜੇ.ਐੱਨ.ਯੂ. 'ਚ ਪਿਛਲੇ ਕਈ ਦਿਨਾਂ ਤੋਂ ਫੀਸ ਵਾਧੇ ਦਾ ਮੁੱਦਾ ਗਰਮਾਇਆ ਹੋਇਆ ਹੈ। ਐਤਵਾਰ ਰਾਤ ਕੁਝ ਨਕਾਬਪੋਸ਼ ਬਦਮਾਸ਼ਾਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਬੁਰੀ ਤਰ੍ਹਾਂ ਕੁੱਟ ਦਿੱਤਾ ਸੀ ਅਤੇ ਕੈਂਪਸ 'ਚ ਭੰਨ-ਤੋੜ ਕੀਤੀ ਸੀ। ਇਸ ਮਾਮਲੇ 'ਚ ਜੇ.ਐੱਨ.ਯੂ. ਦੇ ਖੱਬੇ ਪੱਖੀ ਵਿਦਿਆਰਥੀ ਸੰਗਠਨ ਅਤੇ ਆਰ.ਐੱਸ.ਐੱਸ. ਸਮਰਥਿਤ ਏ.ਬੀ.ਵੀ.ਪੀ. (ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ) ਇਕ-ਦੂਜੇ 'ਤੇ ਦੋਸ਼ ਲੱਗਾ ਰਹੇ ਹਨ। ਦੋਵੇਂ ਹੀ ਧਿਰ ਖੁਦ ਨੂੰ ਪੀੜਤ ਦੱਸ ਰਹੇ ਹਨ। ਹਾਲਾਂਕਿ ਕਿਸੇ ਵੀ ਇਕ ਧਿਰ ਦੇ ਹੱਥ, ਕੋਈ ਅਜਿਹਾ ਨਕਾਬਪੋਸ਼ ਨਹੀਂ ਚੜ੍ਹਿਆ ਹੈ, ਜੋ ਹਿੰਸਾ 'ਚ ਸ਼ਾਮਲ ਰਿਹਾ ਹੈ। ਨੇਤਾਵਾਂ ਦਾ ਕਹਿਣਾ ਹੈ ਕਿ ਉਹ ਕੁੱਟਮਾਰ ਦਰਮਿਆਨ ਦੌੜਨ 'ਚ ਸ਼ਾਮਲ ਸਨ ਅਤੇ ਉਨ੍ਹਾਂ ਨੇ ਦੋਸ਼ੀ ਨੂੰ ਫੜਨ ਦੀ ਬਜਾਏ ਖੁਦ ਨੂੰ ਬਚਾਉਣ 'ਚ ਤੇਜ਼ੀ ਦਿਖਾਈ। ਇਹ ਨਕਾਬਪੋਸ਼ ਆਖਰ ਕੌਣ ਸਨ, ਪੁਲਸ ਹੁਣ ਇਸ ਦੀ ਜਾਂਚ 'ਚ ਜੁਟ ਗਈ ਹੈ। 

ਪੁਲਸ ਨੇ ਦਰਜ ਕੀਤੀ ਐੱਫ.ਆਈ.ਆਰ.
ਕਈ ਸ਼ਿਕਾਇਤਾਂ ਤੋਂ ਬਾਅਦ ਪੁਲਸ ਨੇ ਸੋਮਵਾਰ ਸਵੇਰੇ ਪੂਰੇ ਮਾਮਲੇ 'ਚ ਐੱਫ.ਆਈ.ਆਰ. ਦਰਜ ਕਰ ਲਈ ਹੈ ਅਤੇ ਉਨ੍ਹਾਂ ਨਕਾਬਪੋਸ਼ਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਡੀ.ਸੀ.ਪੀ. ਦੇਵੇਂਦਰ ਆਰੀਆ ਨੇ ਦੱਸਿਆ ਕਿ ਪੁਲਸ ਨੇ ਰਾਤ ਨੂੰ ਇਲਾਕੇ 'ਚ ਫਲੈਗ ਮਾਰਚ ਕੱਢ ਕੇ ਹਾਲਾਤ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਉੱਥੇ ਹੀ ਵਸੰਤ ਕੁੰਜ ਨਾਰਥ ਪੁਲਸ ਕੋਲ ਕਈ ਸ਼ਿਕਾਇਤਾਂ ਮਿਲੀਆਂ ਹਨ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਨਕਾਬਪੋਸ਼ਾਂ ਦੀ ਪਛਾਣ ਦੇ ਸਵਾਲ 'ਤੇ ਪੁਲਸ ਨੇ ਕਿਹਾ ਕਿ ਹਾਲੇ ਇਹ ਬਹੁਤ ਜਲਦਬਾਜ਼ੀ ਹੈ। ਸਵੇਰ ਤੱਕ ਪੁਲਸ ਕੈਂਪਸ 'ਚ ਸ਼ਾਂਤੀ ਸਥਾਪਤ ਕਰਨ 'ਚ ਜੁਟੀ ਹੋਈ ਸੀ, ਜਿਸ ਤੋਂ ਬਾਅਦ ਜਾਂਚ ਕੀਤੀ ਜਾ ਰਹੀ ਹੈ। ਉੱਥੇ ਹੀ ਹਿੰਸਾ ਦੀ ਪੂਰੀ ਜਾਂਚ ਜੁਆਇੰਟ ਸੀ.ਪੀ. ਵੈਸਟਰਨ ਰੇਂਜ ਸ਼ਾਲਿਨੀ ਸਿੰਘ ਨੂੰ ਸੌਂਪ ਦਿੱਤੀ ਗਈ ਹੈ, ਜਿਸ ਨਾਲ ਜਾਂਚ ਦੀ ਨਿਰਪੱਖਤਾ ਬਣੀ ਰਹੇ।

ਇਸ ਕਾਰਨ ਭੜਕਿਆ ਵਿਵਾਦ
ਫੀਸ ਵਾਧੇ ਤੋਂ ਬਾਅਦ ਪ੍ਰਦਰਸ਼ਨਾਂ ਦਰਮਿਆਨ ਜੇ.ਐੱਨ.ਯੂ. ਪ੍ਰਸ਼ਾਸਨ ਨੇ ਰਜਿਸਟਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ ਅਤੇ 5 ਜਨਵਰੀ ਨੂੰ ਉਸ ਦੀ ਆਖਰੀ ਤਾਰੀਕ ਸੀ। ਹਾਲਾਂਕਿ ਸ਼ਨੀਵਾਰ ਨੂੰ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੇ ਰਜਿਸਟਰੇਸ਼ਨ ਲਈ ਜ਼ਰੂਰੀ ਇੰਟਰਨੈੱਟ ਅਤੇ ਸਰਵਰ ਦੇ ਤਾਰ ਕੱਟ ਦਿੱਤੇ, ਜਿਸ ਨਾਲ ਰਜਿਸਟਰੇਸ਼ਨ ਪ੍ਰਕਿਰਿਆ ਠੱਪ ਹੋ ਗਈ। ਜਦੋਂ ਕੁਝ ਵਿਦਿਆਰਥੀਆਂ ਨੇ ਇਸ ਕੰਮ ਦਾ ਵਿਰੋਧ ਕੀਤਾ ਤਾਂ ਕਥਿਤ ਤੌਰ 'ਤੇ ਉਨ੍ਹਾਂ ਨਾਲ ਕੁੱਟਮਾਰ ਹੋਈ ਅਤੇ ਫਿਰ ਫੀਸ ਵਾਧੇ ਵਿਰੁੱਧ ਹੋ ਰਿਹਾ ਪ੍ਰਦਰਸ਼ਨ ਏ.ਬੀ.ਵੀ.ਪੀ ਬਨਾਮ ਖੱਬੇ ਪੱਖ 'ਚ ਬਦਲ ਗਿਆ। ਐਤਵਾਰ ਸ਼ਾਮ ਤੋਂ ਹੀ ਇਹ ਪ੍ਰਦਰਸ਼ਨ ਵਧ ਗਿਆ ਅਤੇ ਨਕਾਬਪੋਸ਼ ਬਦਮਾਸ਼ਾਂ ਦੇ ਆਉਣ ਤੋਂ ਬਾਅਦ ਭੀੜ ਹਿੰਸਕ ਹੋ ਗਈ। ਇਸ ਦੌਰਾਨ ਵਿਦਿਆਰਥੀ, ਟੀਚਰ ਸਾਰਿਆਂ ਦੀ ਕੁੱਟਮਾਰ ਹੋਈ।

ਪੁਲਸ 'ਤੇ ਲੱਗੇ ਇਹ ਦੋਸ਼
ਵਿਦਿਆਰਥੀ ਪੁਲਸ 'ਤੇ ਕੈਂਪਸ 'ਚ ਦੇਰੀ ਨਾਲ ਪਹੁੰਚਣ ਦਾ ਦੋਸ਼ ਲੱਗਾ ਰਹੇ ਹਨ। ਰਜਿਸਟਰਾਰ ਦੀ ਸਲਾਹ 'ਤੇ ਵਿਦਿਆਰਥੀਆਂ ਨੇ ਕਈ ਵਾਰ 100 ਨੰਬਰ ਡਾਇਲ ਕੀਤਾ। ਪੀ.ਸੀ.ਆਰ. ਨੂੰ 90 ਤੋਂ ਵਧ ਫੋਨ ਕੀਤੇ ਪਰ ਵਿਦਿਆਰਥੀਆਂ ਦਾ ਦੋਸ਼ ਹੈ ਕਿ ਕਈ ਫੋਨ ਕਰਨ ਦੇ ਬਾਵਜੂਦ ਪੁਲਸ ਦੇਰੀ ਨਾਲ ਪਹੁੰਚੀ ਅਤੇ ਹਿੰਸਾ ਰੋਕਣ ਦੀ ਬਜਾਏ ਚੁੱਪ ਰਹੀ। ਪੁਲਸ ਨੇ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਦੇ ਕਹਿਣ 'ਤੇ ਅਸੀਂ ਅੰਦਰ ਆਏ। ਕੁਝ ਨਕਾਬਪੋਸ਼ ਦੇਖੇ ਗਏ ਹਨ, ਜਿਨ੍ਹਾਂ ਦੀ ਪਛਾਣ ਕੀਤੀ ਜਾਵੇਗੀ।

DIsha

This news is Content Editor DIsha