ਮਲੇਸ਼ੀਆ ''ਚ ਫਸੇ ਹਨ ਝਾਰਖੰਡ ਦੇ 35 ਮਜ਼ਦੂਰ

02/15/2018 10:28:54 AM

ਕੁਆਲਾਲੰਪੁਰ/ਨਵੀਂ ਦਿੱਲੀ (ਬਿਊਰੋ)— ਭਾਰਤ ਤੋਂ ਲੱਖਾਂ ਲੋਕ ਪੈਸੇ ਕਮਾਉਣ ਦੀ ਖਾਤਰ ਵਿਦੇਸ਼ਾਂ ਵਿਚ ਗਏ ਹੋਏ ਹਨ। ਕੁਝ ਲੋਕ ਜੋ ਲਾਲਚੀ ਏਜੰਟਾਂ ਜ਼ਰੀਏ ਬਾਹਰ ਗਏ ਹੋਏ ਹਨ, ਉਨ੍ਹਾਂ ਦੀ ਹਾਲਤ ਉੱਥੇ ਬਹੁਤ ਖਰਾਬ ਹੈ। ਇਸੇ ਤਰ੍ਹਾਂ ਦਾ ਝਾਰਖੰਡ ਦਾ ਮਾਮਲਾ ਸਾਹਮਣਾ ਆਇਆ ਹੈ। ਝਾਰਖੰਡ ਦੇ ਗਿਰੀਡਾਹ, ਬੋਕਾਰੋ, ਸਿਮਡੇਗਾ ਅਤੇ ਹਜਾਰੀਬਾਗ ਸਮੇਤ ਕਈ ਜ਼ਿਲਿਆਂ ਦੇ 35 ਮਜ਼ਦੂਰ ਮਹੀਨਿਆਂ ਤੋਂ ਮਲੇਸ਼ੀਆ ਵਿਚ ਫਸੇ ਹੋਏ ਹਨ। ਮਜ਼ਦੂਰਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਭਾਰਤ ਸਰਕਾਰ ਤੋਂ ਦੇਸ਼ ਵਾਪਸੀ ਦੀ ਅਪੀਲ ਕੀਤੀ ਹੈ। 
ਉੱਥੇ ਕੰਮ ਕਰਨ ਗਏ ਲੋਕਾਂ ਨੂੰ ਨਾ ਤਾਂ ਸਮੇਂ 'ਤੇ ਤਨਖਾਹ ਦਿੱਤੀ ਜਾ ਰਹੀ ਹੈ ਅਤੇ ਨਾ ਹੀ ਦੇਸ਼ ਵਾਪਸ ਪਰਤਣ ਦਿੱਤਾ ਜਾ ਰਿਹਾ ਹੈ। ਮਲੇਸ਼ੀਆ ਵਿਚ ਉਨ੍ਹਾਂ ਦੇ ਦਸਤਾਵੇਜ਼ ਜ਼ਬਤ ਕਰ ਲਏ ਗਏ ਹਨ। ਵਿਦੇਸ਼ ਮੰਤਰਾਲੇ ਨੇ ਝਾਰਖੰਡ ਸਰਕਾਰ ਤੋਂ ਇਨ੍ਹਾਂ ਸਾਰੇ ਲੋਕਾਂ ਦਾ ਵੇਰਵਾ ਮੰਗਵਾਇਆ ਹੈ। ਇਨ੍ਹਾਂ ਮਜ਼ਦੂਰਾਂ ਵਿਚੋਂ ਕੁਝ ਦੇ ਪਰਿਵਾਰ ਵਾਲਿਆਂ ਨੇ ਵਿਦੇਸ਼ ਮੰਤਰਾਲੇ ਨੂੰ ਆਪਣੀ  ਹੱਡ-ਬੀਤੀ ਲਿਖ ਕੇ ਭੇਜੀ ਹੈ। ਮਲੇਸ਼ੀਆ ਵਿਚ ਭਾਰਤੀ ਹਾਈ ਕਮਿਸ਼ਨ ਨੂੰ ਵੀ ਇਸ ਮਾਮਲੇ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਮਜ਼ਦੂਰਾਂ ਨੂੰ ਮਲੇਸ਼ੀਆ ਭੇਜਣ ਵਾਲੇ ਏਜੰਟ ਅਤੇ ਕੰਪਨੀ ਦੇ ਬਾਰੇ ਵਿਚ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਸਮਝੌਤੇ ਮੁਤਾਬਕ ਮਜ਼ਦੂਰੀ ਏਜੰਟ ਨੂੰ ਮਿਲੇਗੀ। ਫਿਰ ਏਜੰਟ ਮਜ਼ਦੂਰਾਂ ਨੂੰ ਤਨਖਾਹ ਦੇਵੇਗਾ। ਇਕ ਪਾਸੇ ਏਜੰਟ ਤੈਅ ਮਜ਼ਦੂਰੀ ਤੋਂ ਘੱਟ ਪੈਸੇ ਦੇ ਰਹੇ ਹਨ। ਦੂਜੇ ਪਾਸੇ ਕੰਪਨੀ ਨੇ ਮਜ਼ਦੂਰਾਂ ਦੇ ਦਸਤਾਵੇਜ਼ ਜ਼ਬਤ ਕਰ ਲਏ ਹਨ।
ਮਲੇਸ਼ੀਆ ਵਿਚ ਫਸੇ ਮਜ਼ਦੂਰਾਂ ਵਿਚ ਗਿਰੀਡਾਹ ਜ਼ਿਲੇ ਦੇ ਮਧੁਬਨ ਥਾਨਾ ਖੇਤਰ ਦੇ ਧਾਵਾਟਾਂੜ ਅਧੀਨ ਬਰੀਆਪੁਰ ਨਿਵਾਸੀ ਵਿਨੋਦ ਕੁਮਾਰ ਮਹਤੋ, ਬੋਕਾਰੋ ਜ਼ਿਲੇ ਦੇ ਚਿਲਗੋ ਰਾਜਿੰਦਦ ਮਹਤੋ, ਵਿਜੈ ਕੁਮਾਰ, ਲੋਕਨਾਥ ਰਵਿਦਾਸ, ਛੋਟੇਲਾਲ ਸੋਰੇਨ, ਗਣੇਸ਼ ਕਿਸਕੂ, ਸਤਯਦੇਵ ਕਰਮਾਲੀ, ਬੋਕਾਰੋ ਦੇ ਬਰਕੀ ਸਿਧਵਾਰਾ ਨਿਵਾਸੀ ਮਹਿੰਦਰ ਮਹਤੋ, ਕੌਲੇਸ਼ਵਰ ਰਵਿਦਾਸ, ਭੀਮ ਮਹਤੋ ਅਤੇ ਸਿਮਡੇਗਾ ਦੇ ਕੈਲਾਸ਼ ਪ੍ਰਧਾਨ ਸ਼ਾਮਲ ਹਨ। ਇਨ੍ਹਾਂ ਸਾਰੇ ਮਜ਼ਦੂਰਾਂ ਨੂੰ 10 ਮਹੀਨੇ ਪਹਿਲਾਂ ਝਾਰਖੰਡ ਤੋਂ ਮਲੇਸ਼ੀਆ ਦਲਾਲਾਂ ਜ਼ਰੀਏ ਨੌਕਰੀ ਮਿਲੀ ਸੀ। ਵਿਦੇਸ਼ ਮੰਤਰਾਲੇ ਨੂੰ ਭੇਜੀ ਗਈ ਐਪਲੀਕੇਸ਼ਨ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਲੀਡ ਮਾਸਟਰ ਇੰਜੀਨੀਅਰਿੰਗ ਅਤੇ ਉਸਾਰੀ ਦੇ ਕੰਮ ਐੱਸ. ਡੀ. ਐੱਨ. ਡਾਟ ਬੀ. ਐੱਚ. ਡੀ. ਕੰਪਨੀ ਵਿਚ ਕੰਮ ਦਿੱਤਾ ਗਿਆ। ਕੰਪਨੀ ਦੇ ਸਾਈਟ ਮੈਨੇਜਰ ਤੋਂ ਜਦੋਂ ਮਜ਼ਦੂਰੀ ਭੁਗਤਾਨ ਕਰਨ ਦੀ ਮੰਗ ਕੀਤੀ ਜਾਂਦੀ ਹੈ ਤਾਂ ਉਹ ਬਾਰ-ਬਾਰ ਪੈਸੇ ਦੀ ਮੰਗ ਕਰਨ ਤੋਂ ਮਨਾ ਕਰਦੇ ਹਨ ਅਤੇ ਕੁੱਟਮਾਰ ਕਰਨ ਦੀ ਧਮਕੀ ਦਿੰਦੇ ਹਨ।