ਫਲਾਈਟ 'ਚ ਹਾਈਜੈਕ ਦਾ ਮੈਸੇਜ ਚਿਪਕਾਉਣ ਵਾਲੇ ਨੂੰ 5 ਕਰੋੜ ਜੁਰਮਾਨਾ ਤੇ ਉਮਰ ਕੈਦ

06/11/2019 9:01:25 PM

ਅਹਿਮਦਾਬਾਦ :  ਦੇਸ਼ ਵਿਚ ਨਵੇਂ ਅਤੇ ਸਖ਼ਤ ਹਵਾਈ ਅਗਵਾ ਕਾਨੂੰਨ ਅਧੀਨ ਪਹਿਲੀ ਸਜ਼ਾ ਵਜੋਂ ਗੁਜਰਾਤ ਦੇ ਅਹਿਮਦਾਬਾਦ ਸਥਿਤ ਰਾਸ਼ਟਰੀ ਜਾਂਚ ਏਜੰਸੀ ਦੀ ਵਿਸ਼ੇਸ਼ ਅਦਾਲਤ ਨੇ ਅਕਤੂਬਰ 2016 ਵਿਚ ਜੈੱਟ ਏਅਰਵੇਜ਼ ਦੇ ਇਕ ਹਵਾਈ ਜਹਾਜ਼ ਵਿਚ ਹਫੜਾ-ਦਫੜੀ ਮਚਾਉਣ ਵਾਲੇ ਮੁੰਬਈ ਦੇ ਗਹਿਣਾ ਵਪਾਰੀ ਬਿਰਜੂ ਸੱਲਾ ਨੂੰ ਉਮਰ ਕੈਦ ਅਤੇ 5 ਕਰੋੜ ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ।

ਉਸ ਨੂੰ ਪਾਇਲਟ, ਸਹਾਇਕ ਪਾਇਲਟ ਨੂੰ 1-1 ਲੱਖ ਰੁਪਏ ਅਤੇ ਏਅਰ ਹੋਸਟੈੱਸਾਂ ਨੂੰ 50-50 ਹਜ਼ਾਰ ਰੁਪਏ ਦੇਣੇ ਹੋਣਗੇ। ਨਾਲ ਹੀ ਉਸ ਸਮੇਂ ਹਵਾਈ ਜਹਾਜ਼ ਵਿਚ ਸਫਰ ਕਰਨ ਵਾਲੇ ਸਭ ਮੁਸਾਫਰਾਂ ਨੂੰ ਵੀ 25-25 ਹਜ਼ਾਰ ਰੁਪਏ ਦੇਣੇ ਹੋਣਗੇ। ਉਸ ਨੇ ਜੈੱਟ ਏਅਰਵੇਜ਼ ਵਿਚ ਮੁਲਾਜ਼ਮ ਰਹੀ ਆਪਣੀ ਸਾਬਕਾ ਮਹਿਲਾ ਦੋਸਤ ਨੂੰ ਕਥਿਤ ਤੌਰ 'ਤੇ ਮੁੜ ਤੋਂ ਹਾਸਲ ਕਰਨ ਅਤੇ ਹਵਾਈ ਕੰਪਨੀ ਨੂੰ ਬਦਨਾਮ ਤੇ ਬੰਦ ਕਰਨ ਦੀ ਨੀਅਤ ਨਾਲ ਮੁੰਬਈ ਤੋਂ ਦਿੱਲੀ ਜਾ ਰਹੀ ਉਕਤ ਉਡਾਣ ਦੌਰਾਨ ਹਵਾਈ ਜਹਾਜ਼ ਦੀ ਪਾਇਲਟ ਵਿਚ ਉਰਦੂ ਅਤੇ ਅੰਗਰੇਜ਼ੀ ਵਿਚ ਜਹਾਜ਼ ਨੂੰ ਅਗਵਾ ਕਰਨ ਸਬੰਧੀ ਚਿੱਠੀ ਚਿਪਕਾਈ ਸੀ। ਇਸ ਕਾਰਣ ਹਵਾਈ ਜਹਾਜ਼ ਨੂੰ ਹੰਗਾਮੀ ਹਾਲਤ ਵਿਚ ਹੇਠਾਂ ਉਤਾਰਨਾ ਪਿਆ ਸੀ। ਬਾਅਦ ਵਿਚ ਸੱਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।