ਜੰਮੂ ''ਚ TRF ਦੇ ਮਾਡਿਊਲ ਦਾ ਪਰਦਾਫਾਸ਼, ਹਥਿਆਰ ਅਤੇ ਗੋਲਾ-ਬਾਰੂਦ ਨਾਲ 2 ਅੱਤਵਾਦੀ ਗ੍ਰਿਫ਼ਤਾਰ

12/26/2020 12:05:23 PM

ਜੰਮੂ- ਅੱਤਵਾਦੀ ਸੰਗਠਨ 'ਦਿ ਰੇਜੀਸਟੇਂਸ ਫੋਰਸ' (ਟੀ.ਆਰ.ਐੱਫ.) ਦੇ 2 ਅੱਤਵਾਦੀਆਂ ਨੂੰ ਸਥਾਨਕ ਪੁਲਸ ਨੇ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੇ ਕਬਜ਼ੇ 'ਚੋਂ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸਥਾਨਕ ਪੁਲਸ ਦੇ ਵਿਸ਼ੇਸ਼ ਮੁਹਿੰਮ ਸਮੂਹ (ਐੱਸ.ਓ.ਜੀ.) ਨੇ ਕਾਜੀਗੁੰਡ ਦੇ ਚੁਰਥ ਦੇ ਰਹਿਣ ਵਾਲੇ ਰਈਸ ਅਹਿਮਦ ਡਾਰ ਅਤੇ ਕੁਲਗਾਮ ਦੇ ਅਸ਼ਮੁਜੀ ਦੇ ਰਹਿਣ ਵਾਲੇ ਸਬਜਾਰ ਅਹਿਮਦ ਸ਼ੇਖ ਨੂੰ ਗ੍ਰਿਫ਼ਤਾਰ ਕੀਤਾ। ਇਹ ਦੋਵੇਂ ਇਕ ਕਾਰ 'ਤੇ ਸ਼੍ਰੀਨਗਰ ਜਾ ਰਹੇ ਸਨ, ਉਦੋਂ ਨਰਵਲ ਬਾਈਪਾਸ 'ਤੇ ਸ਼ੁੱਕਰਵਾਰ ਸ਼ਾਮ ਪੁਲਸ ਨੇ ਉਨ੍ਹਾਂ ਨੂੰ ਰੋਕਿਆ ਅਤੇ ਗ੍ਰਿਫ਼ਤਾਰ ਕੀਤਾ।

ਪੁਲਸ ਬੁਲਾਰੇ ਨੇ ਦੱਸਿਆ ਕਿ ਹਥਿਆਰਾਂ ਨਾਲ ਲੈੱਸ ਅੱਤਵਾਦੀਆਂ ਦੇ ਆਉਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਐੱਸ.ਓ.ਜੀ. ਨੇ ਇਲਾਕੇ 'ਚ ਵਿਸ਼ੇਸ਼ ਜਾਂਚ ਬਿੰਦੂ ਬਣਾਏ ਸਨ। ਸ਼ੁੱਕਰਵਾਰ ਸ਼ਾਮ ਕਰੀਬ 5.30 ਵਜੇ ਜਦੋਂ ਐੱਸ.ਓ.ਜੀ. ਦਲ ਇਲਾਕੇ 'ਚ ਵਾਹਨਾਂ ਦੀ ਜਾਂਚ ਕਰ ਰਿਹਾ ਸੀ, ਉਦੋਂ ਇਕ ਕਾਰ 'ਚ ਸਵਾਰ ਲੋਕਾਂ ਨੇ ਵਾਹਨ ਨੂੰ ਉੱਥੋਂ ਦੌੜਨ ਦੀ ਕੋਸ਼ਿਸ਼ ਕੀਤੀ। ਸ਼ੱਕੀ ਹਰਕਤ ਨਜ਼ਰ ਆਉਣ 'ਤੇ ਦਲ ਨੇ ਤੁਰੰਤ ਵਾਹਨ ਦਾ ਪਿੱਛਾ ਕੀਤਾ ਅਤੇ 2 ਸ਼ੱਕੀਆਂ ਨੂੰ ਫੜ ਲਿਆ, ਉਨ੍ਹਾਂ ਕੋਲੋਂ ਇਕ ਬੈਗ ਵੀ ਮਿਲਿਆ।

ਅਧਿਕਾਰੀ ਨੇ ਦੱਸਿਆ ਕਿ ਬੈਗ ਡਾਰ ਕੋਲੋਂ ਮਿਲਿਆ ਅਤੇ ਉਸ 'ਚ ਇਕ ਏ.ਕੇ. ਰਾਈਫਲ, 2 ਮੈਗਜ਼ੀਨ ਅਤੇ 60 ਕਾਰਤੂਸ,  ਇਕ ਪਿਸਤੌਲ, 2 ਮੈਗਜ਼ੀਨ ਅਤੇ 15 ਕਾਰਤੂਸ ਮਿਲੇ। ਬੁਲਾਰੇ ਨੇ ਦੱਸਿਆ ਕਿ ਆਈ.ਪੀ.ਸੀ. ਦੀਆਂ ਵੱਖ-ਵੱਖ ਧਾਰਾਵਾਂ, ਹਥਿਆਰ ਐਕਟ ਅਤੇ ਗੈਰ-ਕਾਨੂੰਨੀ ਗਤੀਵਿਧੀਆਂਰੋਕਥਾਮ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਨਾਲ ਪੁਲਸ ਨੇ ਟੀ.ਆਰ.ਐੱਫ. ਦੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ।

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 

DIsha

This news is Content Editor DIsha