ਜੰਮੂ ਬੱਸ ਸਟੈਂਡ 'ਤੇ ਅੱਤਵਾਦੀ ਹਮਲਾ, ਕਈ ਪੰਜਾਬੀ ਫਸੇ

05/25/2018 1:16:43 AM

ਕਟੜਾ,(ਅਮਿਤ)—ਜੰਮੂ ਦੇ ਬੱਸ ਸਟੈਂਡ 'ਤੇ ਅੱਜ ਦੇਰ ਰਾਤ ਅੱਤਵਾਦੀਆਂ ਵਲੋਂ ਹਮਲਾ ਕੀਤਾ ਗਿਆ। ਜਾਣਕਾਰੀ ਮੁਤਾਬਕ ਜੰਮੂ ਬੱਸ ਸਟੈਂਡ 'ਚ ਅੱਤਵਾਦੀਆਂ ਨੇ ਪੁਲਸ ਦੇ ਵਾਹਨਾਂ 'ਤੇ ਗ੍ਰੇਨੇਡ ਸੁੱਟੇ, ਜਿਸ ਦੌਰਾਨ 5 ਲੋਕ ਜ਼ਖਮੀ ਹੋ ਗਏ ਹਨ। ਜਿਨ੍ਹਾਂ 'ਚ 2 ਪੁਲਸ ਕਰਮਚਾਰੀ ਅਤੇ 3 ਨਾਗਰਿਕ ਸ਼ਾਮਲ ਹਨ। ਜ਼ਖਮੀਆਂ ਦੀ ਪਛਾਣ ਡੀ. ਵੀ. ਆਰ. ਐਸ. ਪੀ. ਓ. ਅਰਜੁਨ ਪੁੱਤਰ ਧੇਰੂ ਲਾਲ ਵਾਸੀ ਸ਼ਾਮਾ ਚੱਕ, ਐਸ. ਜੀ. ਸੀ. ਟੀ. ਸ਼ਾਹ ਇਸਰਾਰ ਪੁੱਤਰ ਅਮਨ ਉੱਲਾ ਵਾਸੀ ਸਰਨਕੋਟ ਅਤੇ ਜਗਦੇਵ ਰਾਜ ਪੁੱਤਰ ਪ੍ਰੇਮ ਚੰਦ ਵਾਸੀ ਬਿਲਾਵਾਰ ਵਜੋਂ ਹੋਈ ਹੈ। ਹਾਲਾਂਕਿ ਬਾਕੀ 2 ਜ਼ਖਮੀਆਂ ਦੀ ਪਛਾਣ ਨਹੀਂ ਹੋ ਸਕੀ ਹੈ। ਜ਼ਖਮੀਆਂ ਨੂੰ ਜੀ. ਐਮ. ਸੀ. ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। 
ਅੱਤਵਾਦੀ ਹਮਲੇ ਕਾਰਨ ਬੱਸ ਸੈਂਟਡ 'ਤੇ ਖੜੀਆਂ ਬੱਸਾਂ ਅਤੇ ਹੋਰ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਜਿਸ ਕਾਰਨ ਜੰਮੂ ਬੱਸ ਸਟੈਂਡ 'ਤੇ ਹਮਲੇ ਸਮੇਂ ਪੰਜਾਬ ਸਣੇ ਕਈ ਹੋਰ ਸੂਬਿਆਂ ਦੇ ਲੋਕ ਵੀ ਮੌਕੇ 'ਤੇ ਮੌਜੂਦ ਸਨ, ਜੋ ਹਮਲੇ ਤੋਂ ਬਾਅਦ ਮੌਕੇ 'ਤੇ ਫਸੇ ਹੋਏ ਹਨ। ਪੁਲਸ ਵਲੋਂ ਮੌਕੇ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। 
ਉੱਥੇ ਹੀ ਜੰਮੂ ਵਾਸੀਆਂ ਵੱਲੋਂ ਹਮਲੇ ਤੋਂ ਬਾਅਦ ਅੱਤਵਾਦ ਖਿਲਾਫ ਹਮਲੇ ਵਾਲੀ ਜਗ੍ਹਾ 'ਤੇ 'ਭਾਰਤ ਮਾਤਾ ਦੀ ਜੈ' ਦੇ ਜੈਕਾਰੇ ਲਗਾਏ ਗਏ। ਜਿੱਥੇ ਪ੍ਰਦਰਸ਼ਨਕਾਰੀਆਂ ਵੱਲੋਂ ਅੱਤਵਾਦੀਆਂ ਖਿਲਾਫ ਜੰਮ ਕੇ ਭੜਾਸ ਕੱਢੀ ਗਈ ਉੱਥੇ ਹੀ ਸਿਵਲ ਅਤੇ ਪੁਲਸ ਪ੍ਰਸ਼ਾਸਨ ਵਲੋਂ ਸ਼ਹਿਰ ਦੀ ਸੁਰੱਖਿਆ ਪ੍ਰਤੀ ਅਵੇਸਲੇਪਣ 'ਤੇ ਵੀ ਨਰਾਜ਼ਗੀ ਜਾਹਰ ਕੀਤੀ ਗਈ।