ਜੰਮੂ-ਕਸ਼ਮੀਰ ਤੇ ਲੱਦਾਖ ਦਾ ਬਣੇਗਾ ਵੱਖ ਬਜਟ, ਸਕੱਤਰਾਂ ਨੂੰ 14 ਤੱਕ ਤਿਆਰ ਕਰਨ ਦੇ ਆਦੇਸ਼

10/11/2019 4:56:28 PM

ਜੰਮੂ— ਇਕ ਨਵੰਬਰ ਤੋਂ ਪ੍ਰਸਤਾਵਿਤ ਦੋਵੇਂ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਅਤੇ ਲੱਦਾਖ ਲਈ ਅਗਲੇ 5 ਮਹੀਨੇ ਦਾ ਬਜਟ 14 ਅਕਤੂਬਰ ਤੱਕ ਤਿਆਰ ਕਰਨ ਦੀ ਸਮੇਂ-ਹੱਦ ਤੈਅ ਕੀਤੀ ਗਈ ਹੈ। ਵਿੱਤ ਵਿਭਾਗ ਵਲੋਂ ਇਸ ਬਾਰੇ ਆਦੇਸ਼ ਜਾਰੀ ਕਰਦੇ ਹੋਏ ਸਾਰੇ ਪ੍ਰਸ਼ਾਸਨਿਕ ਸਕੱਤਰਾਂ ਤੋਂ ਇਸ ਦੀ ਤਿਆਰੀ ਕਰਨ ਲਈ ਕਿਹਾ ਗਿਆ ਹੈ। ਇਸ ਸੰਬੰਧ 'ਚ ਸ਼ੁੱਕਰਵਾਰ ਨੂੰ ਸਾਰੇ ਪ੍ਰਸ਼ਾਸਨਿਕ ਸਕੱਤਰਾਂ ਦੀ ਉੱਚ ਪੱਧਰੀ ਬੈਠਕ ਬੁਲਾਈ ਗਈ। ਵਿੱਤ ਵਿਭਾਗ ਨੇ ਵਿੱਤ ਕਮਿਸ਼ਨਰ ਡਾ. ਅਰੁਣ ਕੁਮਾਰ ਮੇਹਤਾ ਵਲੋਂ ਜਾਰੀ ਆਦੇਸ਼ 'ਚ ਕਿਹਾ ਗਿਆ ਹੈ ਕਿ ਬਜਟ ਨੂੰ 2 ਹਿੱਸਿਆਂ 'ਚ ਵੰਡਣਾ ਹੋਵੇਗਾ। ਇਕ ਅਪ੍ਰੈਲ ਤੋਂ 31 ਅਕਤੂਬਰ ਤੱਕ ਜੰਮੂ-ਕਸ਼ਮੀਰ ਰਾਜ ਲਈ ਅਤੇ ਇਕ ਨਵੰਬਰ ਤੋਂ 31 ਮਾਰਚ 2020 ਤੱਕ ਦੋਵੇਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ।

ਇਸ ਦਰਮਿਆਨ 2019-20 ਅਤੇ 2020-2021 ਦੇ ਬਜਟ ਪ੍ਰਸਤਾਵਾਂ 'ਤੇ ਚਰਚਾ ਲਈ ਤਾਰੀਕ ਤੈਅ ਕਰ ਦਿੱਤੀ ਗਈ ਹੈ। 14 ਅਕਤੂਬਰ ਤੋਂ ਵੱਖ-ਵੱਖ ਵਿਭਾਗਾਂ ਦੇ ਪ੍ਰਸਤਾਵਾਂ 'ਤੇ ਚਰਚਾ ਹੋਵੇਗੀ। ਪਹਿਲੇ ਦਿਨ ਖੇਤੀਬਾੜੀ, ਕਿਰਤ, ਮਾਲ, ਜੰਗਲਾਤ, ਸੰਸਦੀ ਕਾਰਜ, ਕਾਨੂੰਨ, ਯੋਜਨਾ ਅਤੇ ਜਨਜਾਤੀ ਮਾਮਲਿਆਂ ਦੇ ਵਿਭਾਗਾਂ ਦੇ ਪ੍ਰਸਤਾਵਾਂ 'ਤੇ ਚਰਚਾ ਹੋਵੇਗੀ। 

15 ਅਕਤੂਬਰ ਨੂੰ ਆਮ ਪ੍ਰਸ਼ਾਸਨ, ਵਿਗਿਆਨ ਤੇ ਤਕਨਾਲੋਜੀ, ਪ੍ਰੋਟੋਕਾਲ, ਸੰਸਕ੍ਰਿਤੀ, ਉੱਚ ਸਿੱਖਿਆ, ਉਦਯੋਗ ਅਤੇ ਵਣਜ, ਸੈਰ-ਸਪਾਟਾ ਅਤੇ ਯੁਵਾ ਸੇਵਾਵਾਂ, 16 ਅਕਤੂਬਰ ਨੂੰ ਪਸ਼ੂ ਪਾਲਣ, ਮੱਛੀ ਪਾਲਣ, ਸਹਿਕਾਰਤਾ, ਵਿੱਤ, ਆਫ਼ਤ ਪ੍ਰਬੰਧਨ ਰਾਹਤ ਅਤੇ ਮੁੜ ਵਸੇਬਾ ਤੇ ਸੂਚਨਾ, 17 ਅਕਤੂਬਰ ਨੂੰ ਰਿਹਾਇਸ਼ੀ ਅਤੇ ਸ਼ਹਿਰੀ ਵਿਕਾਸ, ਟਰਾਂਸਪੋਰਟ, ਸਿੱਖਿਆ, ਸੀ.ਏ.ਪੀ.ਡੀ., ਸਮਾਜ ਕਲਿਆਣ ਅਤੇ ਪੇਂਡੂ ਵਿਕਾਸ ਪੰਚਾਇਤੀ ਰਾਜ ਅਤੇ 18 ਅਕਤੂਬਰ ਨੂੰ ਗ੍ਰਹਿ, ਸਿੰਚਾਈ ਹੜ੍ਹ ਕੰਟਰੋਲ, ਪੀ.ਐੱਚ.ਆਈ., ਸਿਹਤ, ਪੀ.ਡੀ.ਡੀ. ਅਤੇ ਲੱਦਾਖ ਮਾਮਲਿਆਂ ਦੇ ਵਿਭਾਗ 'ਤੇ ਚਰਚਾ ਹੋਵੇਗੀ।

DIsha

This news is Content Editor DIsha