ਜੰਮੂ ਕਸ਼ਮੀਰ DDC ਚੋਣ ਨਤੀਜੇ : ਸ਼ੁਰੂਆਤੀ ਰੁਝਾਨਾਂ 'ਚ ਗੁਪਕਾਰ ਗਠਜੋੜ ਨੂੰ ਟੱਕਰ ਦੇ ਰਹੀ ਹੈ ਭਾਜਪਾ

12/22/2020 10:18:30 AM

ਸ਼੍ਰੀਨਗਰ- ਜੰਮੂ-ਕਸ਼ਮੀਰ 'ਚ ਹੋਈਆਂ ਜ਼ਿਲ੍ਹਾ ਵਿਕਾਸ ਪ੍ਰੀਸ਼ਦ (ਡੀ.ਡੀ.ਸੀ.) ਚੋਣਾਂ ਦੇ ਨਤੀਜੇ ਅੱਜ ਯਾਨੀ ਮੰਗਲਵਾਰ ਨੂੰ ਐਲਾਨ ਕੀਤੇ ਜਾ ਰਹੇ ਹਨ। ਕੁੱਲ 280 ਸੀਟਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ਅਤੇ ਹੁਣ 2178 ਉਮੀਦਵਾਰਾਂ ਦੀ ਕਿਸਮਤ ਖੁੱਲ੍ਹਣ ਵਾਲੀ ਹੈ। ਇਸ ਵਾਰ ਭਾਜਪਾ ਅਤੇ ਕਸ਼ਮੀਰ ਦੀਆਂ ਪਾਰਟੀਆਂ ਗੁਪਕਾਰ ਗਠਜੋੜ ਦਰਮਿਆਨ ਮੁਕਾਬਲਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਸ਼ਾਮ ਤੱਕ ਨਤੀਜੇ ਪੂਰੀ ਤਰ੍ਹਾਂ ਨਾਲ ਆ ਜਾਣਗੇ। ਭਾਜਪਾ ਨੇਤਾ ਰਵਿੰਦਰ ਰੈਨਾ ਨੇ ਦਾਅਵਾ ਕੀਤਾ ਹੈ ਕਿ ਜੰਮੂ ਡਵੀਜ਼ਨ ਦੇ ਨਾਲ-ਨਾਲ ਕਸ਼ਮੀਰ 'ਚ ਵੀ ਭਾਜਪਾ ਨੂੰ ਵੱਡੀ ਜਿੱਤ ਮਿਲੇਗੀ।

ਇਹ ਵੀ ਪੜ੍ਹੋ : ਸਰਕਾਰ ਦੀ ਚਿੱਠੀ 'ਚ ਕੁਝ ਵੀ ਨਵਾਂ ਨਹੀਂ, ਕੇਂਦਰ ਨੂੰ ਪੇਸ਼ ਕਰਨਾ ਹੋਵੇਗਾ ਠੋਸ ਹੱਲ : ਕਿਸਾਨ ਆਗੂ

ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਸਾਰੇ 8 ਪੜਾਵਾਂ 'ਚ ਕੁੱਲ 51.42 ਫੀਸਦੀ ਵੋਟਿੰਗ ਹੋਈ ਸੀ। ਅੱਜ 30 ਲੱਖ ਤੋਂ ਵੱਧ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਇਸ ਵੋਟ ਦੀ ਗਿਣਤੀ ਨਾਲ 280 ਡੀ.ਡੀ.ਸੀ. ਸੀਟਾਂ ਲਈ 2178 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ। ਦੱਸਣਯੋਗ ਹੈ ਕਿ ਸੋਮਵਾਰ ਸ਼ਾਮ ਨੂੰ ਪੀ.ਡੀ.ਪੀ. ਦੇ ਇਕ ਹੋਰ ਸੀਨੀਅਰ ਨੇਤਾ ਨੂੰ ਹਿਰਾਸਤ 'ਚ ਲਿਆ ਗਿਆ। ਜਾਣਕਾਰੀ ਅਨੁਸਾਰ ਪੀ.ਡੀ.ਪੀ. ਨੇਤਾ ਨਈਮ ਅਖ਼ਤਰ ਨੂੰ ਹਿਰਾਸਤ 'ਚ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਮਹਿਬੂਬਾ ਮੁਫ਼ਤੀ ਨੇ ਭਾਜਪਾ 'ਤੇ ਸੋਮਵਾਰ ਨੂੰ ਡੀ.ਡੀ.ਸੀ. ਚੋਣ ਨਤੀਜਿਆਂ 'ਚ ਹੇਰਫੇਰ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਹੈ। ਇਸ ਤੋਂ ਪਹਿਲਾਂ ਪੀ.ਡੀ.ਪੀ. ਦੇ 2 ਸੀਨੀਅਰ ਨੇਤਾਵਾਂ ਨੂੰ ਦੱਖਣੀ ਕਸ਼ਮੀਰ 'ਚ ਹਿਰਾਸਤ 'ਚ ਲਿਆ ਗਿਆ ਸੀ।

ਨੋਟ : ਕੀ ਜੰਮੂ ਕਸ਼ਮੀਰ 'ਚ ਖਿੜੇਗਾ ਕਮਲ, ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

DIsha

This news is Content Editor DIsha