ਦਵਾਈਆਂ ਦੀ ਕਮੀ ਨਹੀਂ, ਫੋਨ ''ਤੇ ਪਾਬੰਦੀ ਨਾਲ ਬਚੀਆਂ ਜ਼ਿੰਦਗੀਆਂ : ਮਲਿਕ

08/25/2019 4:25:48 PM

ਸ਼੍ਰੀਨਗਰ (ਭਾਸ਼ਾ)— ਜੰਮੂ-ਕਸ਼ਮੀਰ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਐਤਵਾਰ ਨੂੰ ਸੂਬੇ ਵਿਚ ਦਵਾਈਆਂ ਅਤੇ ਜ਼ਰੂਰੀ ਚੀਜ਼ਾਂ ਦੀ ਕਿਸੇ ਕਮੀ ਤੋਂ ਇਨਕਾਰ ਕੀਤਾ। ਉਨ੍ਹਾਂ ਕਿਹਾ ਕਿ ਸੰਚਾਰ ਮਾਧਿਅਮਾਂ 'ਤੇ ਪਾਬੰਦੀਆਂ ਦੀ ਵਜ੍ਹਾ ਕਰ ਕੇ ਬਹੁਤ ਸਾਰੀਆਂ ਜ਼ਿੰਦਗੀਆਂ ਬਚੀਆਂ। ਮਲਿਕ ਨੇ ਇਹ ਵੀ ਕਿਹਾ ਕਿ ਜੰਮੂ-ਕਸ਼ਮੀਰ ਨੂੰ ਧਾਰਾ-370 ਤਹਿਤ ਦਿੱਤੇ ਗਏ ਵਿਸ਼ੇਸ਼ ਦਰਜੇ ਨੂੰ ਖਤਮ ਕਰਨ ਅਤੇ ਸੂਬੇ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਵੰਡ ਜਾਣ ਤੋਂ ਬਾਅਦ ਹਿੰਸਾ 'ਚ ਕਿਸੇ ਸ਼ਖਸ ਦੀ ਜਾਨ ਨਹੀਂ ਗਈ ਹੈ। ਪੱਤਰਕਾਰਾਂ ਨੇ ਜਦੋਂ ਉਨ੍ਹਾਂ ਤੋਂ ਪੁੱਛਿਆ ਕਿ ਸੂਬੇ ਵਿਚ ਪਾਬੰਦੀ ਕਦੋਂ ਤਕ ਜਾਰੀ ਰਹੇਗੀ, ਉਨ੍ਹਾਂ ਨੇ ਕਿਹਾ, ''ਜੇਕਰ ਸੰਚਾਰ ਮਾਧਿਅਮਾਂ 'ਤੇ ਰੋਕ ਲਾਉਣ ਨਾਲ ਜ਼ਿੰਦਗੀ ਬਚਾਉਣ 'ਚ ਮਦਦ ਮਿਲਦੀ ਹੈ ਤਾਂ ਇਸ ਵਿਚ ਕੀ ਨੁਕਸਾਨ ਹੈ?'' ਉਨ੍ਹਾਂ ਨੇ ਕਿਹਾ ਕਿ ਸਾਡਾ ਰਵੱਈਆ ਸੀ ਕਿ ਇਨਸਾਨੀ ਜਾਨ ਨਹੀਂ ਜਾਣੀ ਚਾਹੀਦੀ। 10 ਦਿਨ ਟੈਲੀਫੋਨ ਨਹੀਂ ਹੋਣਗੇ, ਨਹੀਂ ਹੋਣਗੇ ਪਰ ਅਸੀਂ ਛੇਤੀ ਹੀ ਸਭ ਵਾਪਸ ਕਰ ਦੇਵਾਂਗੇ। 

ਰਾਜਪਾਲ ਨੇ ਕਿਹਾ ਕਿ ਕਸ਼ਮੀਰ ਵਿਚ ਜ਼ਰੂਰੀ ਚੀਜ਼ਾਂ ਅਤੇ ਦਵਾਈਆਂ ਦੀ ਕੋਈ ਕਿੱਲਤ ਨਹੀਂ ਹੈ। ਹਕੀਕਤ ਇਹ ਹੈ ਕਿ ਅਸੀਂ ਈਦ ਦੌਰਾਨ ਲੋਕਾਂ ਦੇ ਘਰਾਂ ਤਕ ਮਾਸ, ਸਬਜ਼ੀਆਂ ਪਹੁੰਚਾਈਆਂ। ਉਨ੍ਹਾਂ ਨੇ ਇਹ ਵੀ ਕਿਹਾ ਕਿ 10 ਤੋਂ 15 ਦਿਨਾਂ ਦੇ ਅੰਦਰ ਲੋਕਾਂ ਦੀ ਰਾਇ ਬਦਲਦੀ ਨਜ਼ਰ ਆਵੇਗੀ। ਇੱਥੇ ਦੱਸ ਦੇਈਏ ਕਿ ਕੇਂਦਰ ਸਰਕਾਰ ਨੇ 5 ਅਗਸਤ ਨੂੰ ਧਾਰਾ-370 ਹਟਾਉਣ ਅਤੇ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ 2 ਵੱਖ-ਵੱਖ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਦਾ ਫੈਸਲਾ ਕੀਤਾ ਸੀ, ਜਿਸ ਤੋਂ ਬਾਅਦ ਮੋਬਾਈਲ, ਇੰਟਰਨੈੱਟ ਸੇਵਾਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਸਨ।

Tanu

This news is Content Editor Tanu