ਜੰਮੂ-ਕਸ਼ਮੀਰ ''ਚ ਪਰਤੀ ਰੌਣਕ, 14 ਦਿਨਾਂ ਬਾਅਦ ਵੱਜੀਆਂ ਸਕੂਲ ਦੀਆਂ ਘੰਟੀਆਂ

08/19/2019 11:03:05 AM

ਸ਼੍ਰੀਨਗਰ— ਜੰਮੂ-ਕਸ਼ਮੀਰ ਵਿਚ ਧਾਰਾ-370 ਹਟਣ ਤੋਂ ਬਾਅਦ ਹਾਲਾਤ ਹੌਲੀ-ਹੌਲੀ ਆਮ ਹੋ ਰਹੇ ਹਨ। ਕਰੀਬ 14 ਦਿਨ ਬਾਅਦ ਕਸ਼ਮੀਰ ਘਾਟੀ ਵਿਚ ਅੱਜ ਭਾਵ ਸੋਮਵਾਰ ਨੂੰ ਸਕੂਲ ਖੁੱਲ੍ਹੇ। ਇਕੱਲੇ ਸ਼੍ਰੀਨਗਰ ਵਿਚ 190 ਤੋਂ ਵਧ ਪ੍ਰਾਇਮਰੀ ਸਕੂਲ ਅੱਜ ਖੁੱਲ੍ਹੇ ਹਨ। ਇਸ ਤੋਂ ਬਾਅਦ ਸੈਕੰਡਰੀ ਸਕੂਲਾਂ ਨੂੰ ਖੋਲ੍ਹਣ ਦੀ ਵੀ ਕਵਾਇਦ ਕੀਤੀ ਜਾਵੇਗੀ। ਪਿਛਲੇ ਕਈ ਦਿਨਾਂ ਤੋਂ ਘਰਾਂ ਵਿਚ ਕੈਦ ਬੱਚੇ ਇਕ ਵਾਰ ਫਿਰ ਆਪਣੇ ਬਸਤਿਆਂ ਨਾਲ ਸਕੂਲਾਂ ਦੀ ਰੌਣਕ ਵਧਾਉਂਦੇ ਨਜ਼ਰ ਆਉਣਗੇ।

ਰਾਜੌਰੀ ਵਿਚ ਵੀ ਸਕੂਲ ਖੁੱਲ੍ਹੇ ਅਤੇ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਪਹੁੰਚੇ। ਸਕੂਲ ਜਾਣ ਵਾਲੇ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਿਆ ਜਾ ਸਕੇ, ਇਸ ਲਈ ਸੁਰੱਖਿਆ ਫੋਰਸ ਚੱਪੇ-ਚੱਪੇ 'ਤੇ ਤਾਇਨਾਤ ਹਨ। ਸਕੂਲ ਖੁੱਲ੍ਹਣ ਦੇ ਨਾਲ ਹੀ ਅੱਜ ਘਾਟੀ ਵਿਚ ਲੈਂਡਲਾਈਨ ਸੇਵਾ ਵੀ ਸ਼ੁਰੂ ਹੋ ਜਾਵੇਗੀ।


ਇੱਥੇ ਦੱਸ ਦੇਈਏ ਕਿ ਧਾਰਾ-370 ਹਟਾਏ ਜਾਣ ਤੋਂ ਬਾਅਦ ਜੰਮੂ 'ਚ ਫੈਲਾਈਆਂ ਜਾ ਰਹੀਆਂ ਅਫਵਾਹਾਂ ਨੂੰ ਰੋਕਣ ਲਈ ਐਤਵਾਰ ਨੂੰ ਇਕ ਵਾਰ ਫਿਰ 5 ਜ਼ਿਲਿਆਂ- ਜੰਮੂ, ਸਾਂਬਾ, ਕਠੂਆ, ਊਧਮਪੁਰ ਅਤੇ ਰਿਆਸੀ ਵਿਚ ਮੋਬਾਈਲ-ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ। ਓਧਰ ਜੰਮੂ-ਕਸ਼ਮੀਰ ਦੇ ਪ੍ਰਧਾਨ ਸਕੱਤਰ ਰੋਹਿਤ ਕਾਂਸਲ ਨੇ ਐਤਵਾਰ ਨੂੰ ਪ੍ਰੈੱਸ ਕਾਨਫਰੰਸ ਕਰ ਕੇ ਦੱਸਿਆ ਕਿ ਕਸ਼ਮੀਰ ਘਾਟੀ ਵਿਚ ਪਾਬੰਦੀਆਂ 'ਚ ਦਿੱਤੀ ਗਈ ਢਿੱਲ ਜਾਰੀ ਹੈ। ਸਥਾਨਕ ਅਧਿਕਾਰੀ ਹਾਲਾਤਾਂ ਦਾ ਜਾਇਜ਼ਾ ਲੈ ਰਹੇ ਹਨ। ਜਲਦ ਹੀ ਕੁਝ ਹੋਰ ਪਾਬੰਦੀਆਂ ਹਟਾ ਲਈਆਂ ਜਾਣਗੀਆਂ।

Tanu

This news is Content Editor Tanu