ਜੰਮੂ ’ਚ ਮਿੰਨੀ ਬੱਸ ਹੋਈ ਹਾਦਸੇ ਦੀ ਸ਼ਿਕਾਰ, 11 ਲੋਕਾਂ ਦੀ ਮੌਤ, LG ਸਿਨਹਾ ਨੇ ਕੀਤਾ ਮੁਆਵਜ਼ੇ ਦਾ ਐਲਾਨ

09/14/2022 11:22:13 AM

ਜੰਮੂ- ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿਚ ਬੁੱਧਵਾਰ ਯਾਨੀ ਕਿ ਅੱਜ ਇਕ ਮਿੰਨੀ ਬੱਸ ਹਾਦਸੇ ਦੀ ਸ਼ਿਕਾਰ ਹੋ ਗਈ, ਜਿਸ ਕਾਰਨ 11 ਲੋਕਾਂ ਦੀ ਮੌਤ ਹੋ ਗਈ ਅਤੇ 26 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਮੁਤਾਬਕ ਮਿੰਨੀ ਬੱਸ 36 ਤੋਂ ਵੱਧ ਯਾਤਰੀਆਂ ਨੂੰ ਲੈ ਕੇ ਗਲੀ ਮੈਦਾਨ ਤੋਂ ਪੁੰਛ ਜਾ ਰਹੀ ਸੀ, ਤਾਂ ਇਹ ਸਾਵਜੀਆਂ ਦੀ ਸਰਹੱਦੀ ਪੱਟੀ ’ਚ ਬਰਾੜੀ ਨਾਲੇ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਫ਼ੌਜ, ਪੁਲਸ ਅਤੇ ਸਥਾਨਕ ਪਿੰਡ ਵਾਸੀਆਂ ਵਲੋਂ ਸਾਂਝੇ ਤੌਰ ’ਤੇ ਬਚਾਅ ਮੁਹਿੰਮ ਜਾਰੀ ਹੈ। ਜ਼ਖ਼ਮੀ ਲੋਕਾਂ ਨੂੰ ਪੁੰਛ ਜ਼ਿਲ੍ਹੇ ਦੇ ਮੰਡੀ ਕਸਬੇ ਦੇ ਇਕ ਹਸਪਤਾਲ ’ਚ ਭੇਜਿਆ ਗਿਆ ਹੈ। 

ਉੱਧਰ ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਗਵਰਨਰ (ਐੱਲ. ਜੀ.) ਮਨੋਜ ਸਿਨਹਾ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਅਤੇ 26 ਜ਼ਖਮੀਆਂ ਨੂੰ 1-1 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਜ਼ਖ਼ਮੀਆਂ ਨੂੰ ਇਲਾਜ ਮੁਹੱਈਆ ਕਰਵਾਉਣ ਦੇ ਨਿਰਦੇਸ਼ ਵੀ ਦਿੱਤੇ ਹਨ। ਸਿਨਹਾ ਨੇ ਟਵੀਟ ਕੀਤਾ ਕਿ "ਸਾਵਜੀਆਂ, ਪੁੰਛ ਵਿਚ ਇਕ ਸੜਕ ਹਾਦਸੇ ਕਾਰਨ ਲੋਕਾਂ ਦੀ ਮੌਤ ਤੋਂ ਦੁਖੀ ਹਾਂ। ਦੁਖੀ ਪਰਿਵਾਰਾਂ ਨਾਲ ਹਮਦਰਦੀ। ਜ਼ਖ਼ਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਮ੍ਰਿਤਕਾਂ ਦੇ ਵਾਰਸਾਂ ਨੂੰ 5 ਲੱਖ ਰੁਪਏ ਦਿੱਤੇ ਜਾਣਗੇ। ਜ਼ਖ਼ਮੀਆਂ ਦੇ ਇਲਾਜ ਲਈ ਪੁਲਸ ਅਤੇ ਸਿਵਲ ਅਧਿਕਾਰੀਆਂ ਨੂੰ ਹਰ ਸੰਭਵ ਸਹਾਇਤਾ ਦੇਣ ਦੇ ਨਿਰਦੇਸ਼ ਦਿੱਤੇ ਹਨ।

Tanu

This news is Content Editor Tanu