ਪ੍ਰਦਰਸ਼ਨ ਨੂੰ ਦੇਖਦੇ ਹੋਏ ਇਤਿਹਾਸਕ ਜਾਮੀਆ ਮਸਜਿਦ ਨੂੰ ਕੀਤਾ ਬੰਦ

04/24/2019 2:21:26 AM

ਸ਼੍ਰੀਨਗਰ, (ਯੂ. ਐੱਨ.ਆਈ.)— ਜੰਮੂ-ਕਸ਼ਮੀਰ ਦੇ ਸ਼੍ਰੀਨਗਰ 'ਚ ਮੰਗਲਵਾਰ ਨੂੰ ਕਿਸੇ ਤਰ੍ਹਾਂ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਸੁਰੱਖਿਆ ਦੇ ਤੌਰ 'ਤੇ ਇਤਿਹਾਸਕ ਜਾਮੀਆ ਮਸਜਿਦ ਨੂੰ ਸ਼ਰਧਾਲੂਆਂ ਲਈ ਬੰਦ ਕਰ ਦਿੱਤਾ ਗਿਆ।
ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ (ਜੇ. ਕੇ. ਐੱਲ.ਐੱਫ.) ਦੇ ਪ੍ਰਧਾਨ ਮੁਹੰਮਦ ਯਾਸੀਨ ਮਲਿਕ ਅਤੇ ਹੋਰ ਵੱਖਵਾਦੀ ਨੇਤਾਵਾਂ ਨੇ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਅਤੇ ਈ. ਡੀ. ਖਿਲਾਫ ਕਥਿਤ ਦੁਰਵਰਤਾਓ ਦੇ ਵਿਰੋਧ 'ਚ ਹੜਤਾਲ ਦੀ ਕਾਲ ਦਿੱਤੀ ਹੈ।
ਇਤਿਹਾਸਕ ਜਾਮੀਆ ਮਸਜਿਦ ਦੇ ਸਾਰੇ ਗੇਟ ਬੰਦ ਕਰ ਦਿੱਤੇ ਗਏ ਹਨ। ਸੁਰੱਖਿਆ ਫੋਰਸਾਂ ਨੂੰ ਮਸਜਿਦ ਦੇ ਮੁੱਖ ਦੁਆਰ 'ਤੇ ਤਾਇਨਾਤ ਕੀਤਾ ਗਿਆ ਹੈ ਅਤੇ ਲੋਕਾਂ ਦੇ ਦਾਖਲੇ ਨੂੰ ਰੋਕਣ ਲਈ ਬੁਲੇਟ ਪਰੂਫ ਵਾਹਨਾਂ ਨੂੰ ਗੇਟ ਕੋਲ ਖੜ੍ਹਾ ਕੀਤਾ ਗਿਆ ਹੈ।
ਕਿਸੇ ਵੀ ਤਰ੍ਹਾਂ ਦੇ ਪ੍ਰਦਰਸ਼ਨ ਨੂੰ ਰੋਕਣ ਲਈ ਜਾਮੀਆ ਮਸਜਿਦ ਦੇ ਆਲੇ-ਦੁਆਲੇ ਵੱਡੀ ਗਿਣਤੀ 'ਚ ਸੁਰੱਖਿਆ ਫੋਰਸਾਂ ਤੇ ਸੂਬਾ ਪੁਲਸ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਹਾਲਾਂਕਿ ਸ਼ਹਿਰ ਦੇ ਪੁਰਾਣੇ ਇਲਾਕਿਆਂ ਅਤੇ ਸ਼ਹਿਰ-ਏ-ਖਾਸ 'ਚ ਕਿਸੇ ਤਰ੍ਹਾਂ ਦੀ ਰੋਕ ਨਹੀਂ ਲਾਈ ਗਈ ਹੈ। ਦੁਕਾਨਾਂ ਅਤੇ ਕਾਰੋਬਾਰਿਕ ਅਦਾਰੇ ਬੰਦ ਰਹੇ ਅਤੇ ਸੜਕਾਂ 'ਤੇ ਵਾਹਨ ਨਜ਼ਰ ਨਹੀਂ ਆਏ। ਕੁਝ ਮਾਰਗਾਂ 'ਤੇ ਦੋਪਹੀਆ ਅਤੇ ਤਿੰਨ ਪਹੀਆ ਸਮੇਤ ਨਿੱਜੀ ਵਾਹਨਾਂ ਨੂੰ ਚਲਦਾ ਦੇਖਿਆ ਗਿਆ।

KamalJeet Singh

This news is Content Editor KamalJeet Singh