ਸੰਸਦ ''ਚ ਗੂੰਜਿਆ ਜਾਮੀਆ ਫਾਇਰਿੰਗ ਦਾ ਮੁੱਦਾ, ਓਵੈਸੀ ਬੋਲੇ- ਬੱਚਿਆਂ ''ਤੇ ਜ਼ੁਲਮ ਕਰ ਰਹੀ ਹੈ ਸਰਕਾਰ

02/03/2020 12:50:55 PM

ਨਵੀਂ ਦਿੱਲੀ— ਸੋਮਵਾਰ ਭਾਵ ਅੱਜ ਲੋਕ ਸਭਾ 'ਚ ਜਾਮੀਆ 'ਚ ਹੋਈ ਫਾਇਰਿੰਗ ਦਾ ਮੁੱਦਾ ਚੁੱਕਿਆ ਗਿਆ। ਹੈਦਰਾਬਾਦ ਤੋਂ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਸਦਨ 'ਚ ਸਰਕਾਰ 'ਤੇ ਜੰਮ ਕੇ ਵਰ੍ਹੇ। ਉਨ੍ਹਾਂ ਕਿਹਾ ਕਿ ਇਹ ਸਰਕਾਰ ਜਾਮੀਆ ਦੇ ਬੱਚਿਆਂ 'ਤੇ ਜ਼ੁਲਮ ਕਰ ਰਹੀ ਹੈ। ਸਰਕਾਰ ਨੂੰ ਸਪੱਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਅਸੀਂ ਜਾਮੀਆ ਦੇ ਬੱਚਿਆਂ ਨਾਲ ਹਾਂ। ਜਾਮੀਆ 'ਚ ਵਿਦਿਆਰਥੀ-ਵਿਦਿਆਰਥਣਾਂ ਨੂੰ ਕੁੱਟਿਆ ਗਿਆ। ਜਾਮੀਆ 'ਚ ਦਾਖਲ ਹੋ ਕੇ ਬੇਟੀਆਂ ਨੂੰ ਕੁੱਟਿਆ ਗਿਆ। ਓਵੈਸੀ ਨੇ ਅੱਗੇ ਕਿਹਾ ਕਿ ਕੀ ਇਹ ਜਾਣਦੇ ਹਨ ਕਿ ਇਕ ਬੱਚੇ ਦੀ ਅੱਖ ਚੱਲੀ ਗਈ, ਬੇਟੀਆਂ ਨੂੰ ਕੁੱਟਿਆ ਗਿਆ। ਸ਼ਰਮ ਨਹੀਂ ਆਈ ਇਨ੍ਹਾਂ ਨੂੰ, ਗੋਲੀ ਮਾਰ ਰਹੇ ਹਨ। ਓਵੈਸੀ ਦੇ ਇਸ ਬਿਆਨ ਤੋਂ ਬਾਅਦ ਸੰਸਦ 'ਚ ਹੰਗਾਮਾ ਹੋਇਆ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਪ੍ਰਸ਼ਨਕਾਲ ਨੂੰ ਵੀ ਮੁਲਤਵੀ ਕਰ ਦਿੱਤਾ। ਦਰਅਸਲ ਪ੍ਰਸ਼ਨਕਾਲ ਦੌਰਾਨ ਜਦੋਂ ਕੇਂਦਰੀ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਸਵਾਲਾਂ ਦਾ ਜਵਾਬ ਦੇ ਰਹੇ ਸਨ, ਤਾਂ ਓਵੈਸੀ ਖੜ੍ਹੇ ਹੋਏ ਅਤੇ ਸਰਕਾਰ 'ਤੇ ਵਰ੍ਹੇ। 

ਦੱਸਣਯੋਗ ਹੈ ਕਿ ਬੀਤੇ ਦਿਨੀਂ ਜਾਮੀਆ ਦੇ ਆਲੇ-ਦੁਆਲੇ ਦੇ ਖੇਤਰ 'ਚ 3 ਵਾਰ ਫਾਇਰਿੰਗ ਦੀਆਂ ਘਟਨਾਵਾਂ ਵਾਪਰੀਆਂ। ਮਹਾਤਮਾ ਗਾਂਧੀ ਦੀ ਬਰਸੀ ਦੇ ਦਿਨ ਜਦੋਂ ਵਿਦਿਆਰਥੀਆਂ ਵਲੋਂ ਨਾਗਰਿਕਤਾ ਸੋਧ ਐਕਟ ਦੇ ਵਿਰੋਧ 'ਚ ਮਾਰਚ ਕੱਢਿਆ ਜਾ ਰਿਹਾ ਸੀ, ਤਾਂ ਇਕ ਸ਼ਖਸ ਨੇ ਆ ਕੇ ਹਵਾਈ ਫਾਇਰਿੰਗ ਕੀਤੀ ਸੀ, ਜਿਸ ਵਿਚ ਜਾਮੀਆ ਦਾ ਹੀ ਵਿਦਿਆਰਥੀ ਜ਼ਖਮੀ ਹੋ ਗਿਆ ਸੀ। ਇਸ ਤੋਂ ਇਲਾਵਾ ਪਿਛਲੇ 3 ਦਿਨਾਂ 'ਚ ਹੀ ਦੋ ਫਾਇਰਿੰਗ ਦੀਆਂ ਘਟਨਾਵਾਂ ਵਾਪਰੀਆਂ। ਇਨ੍ਹਾਂ ਮਾਮਲਿਆਂ ਨੂੰ ਲੈ ਕੇ ਦਿੱਲੀ ਪੁਲਸ ਜਾਂਚ ਕਰ ਰਹੀ ਹੈ।

Tanu

This news is Content Editor Tanu