ਜੇਤਲੀ ਮਾਣਹਾਨੀ ਮਾਮਲੇ ''ਚ ਕੇਜਰੀਵਾਲ ''ਤੇ ਲੱਗਾ ਜ਼ੁਰਮਾਨਾ

09/04/2017 2:00:20 PM

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹੁਣ ਦਿੱਲੀ ਹਾਈ ਕੋਰਟ ਨੇ ਉਨ੍ਹਾਂ ਨੂੰ ਇਕ ਹੋਰ ਝਟਕਾ ਦਿੰਦੇ ਹੋਏ ਉਨ੍ਹਾਂ 'ਤੇ 5 ਹਜ਼ਾਰ ਰੁਪਏ ਜ਼ੁਰਮਾਨਾ ਲਾਇਆ ਹੈ। ਦਰਅਸਲ ਅਰੁਣ ਜੇਤਲੀ ਵੱਲੋਂ ਦਾਇਰ 10 ਕਰੋੜ ਰੁਪਏ ਦੇ ਮਾਣਹਾਨੀ ਮਾਮਲੇ ਦੀ ਨਵੀਂ ਪਟੀਸ਼ਨ 'ਤੇ ਜਵਾਬ ਦਾਖਲ ਕਰਨ 'ਚ ਦੇਰੀ ਹੋਣ 'ਤੇ ਅਦਾਲਤ ਨੇ ਸਖ਼ਤੀ ਦਿਖਾਉਂਦੇ ਹੋਏ ਕੇਜਰੀਵਾਲ ਤੋਂ ਜ਼ੁਰਮਾਨਾ ਵਸੂਲਣ ਦਾ ਆਦੇਸ਼ ਜਾਰੀ ਕੀਤਾ।
ਇਸ ਤੋਂ ਪਹਿਲਾਂ 25 ਅਗਸਤ ਨੂੰ ਹਾਈ ਕੋਰਟ ਨੇ ਕੇਜਰੀਵਾਲ ਨੂੰ ਇਸ ਲਈ ਫਟਕਾਰਿਆ ਸੀ, ਕਿਉਂਕਿ ਉਨ੍ਹਾਂ ਨੇ ਕੋਰਟ ਦੇ ਐਡਵਾਂਸ ਸੁਣਵਾਈ ਦੇ ਫੈਸਲੇ 'ਤੇ ਸਵਾਲ ਖੜ੍ਹੇ ਕਰ ਦਿੱਤੇ ਸਨ। 2015 'ਚ ਅਰੁਣ ਜੇਤਲੀ ਨੇ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ 5 ਵੱਡੇ ਨੇਤਾਵਾਂ ਦੇ ਖਿਲਾਫ ਮਾਣਹਾਨੀ ਦਾ ਕੇਸ ਦਰਜ ਕੀਤਾ ਸੀ। ਕੇਜਰੀਵਾਲ ਨੇ ਦੋਸ਼ ਲਾਇਆ ਸੀ ਕਿ ਅਰੁਣ ਜੇਤਲੀ ਨੇ ਦਿੱਲੀ ਜ਼ਿਲਾ ਕ੍ਰਿਕੇਟ ਐਸੋਸੀਏਸ਼ਨ ਦਾ ਮੁਖੀਆ ਰਹਿੰਦੇ ਹੋਏ ਆਪਣੇ 13 ਸਾਲ ਦੇ ਕਾਰਜਕਾਲ 'ਚ ਭ੍ਰਿਸ਼ਟਾਚਾਰ ਕੀਤਾ ਸੀ। ਇਸੇ ਦੋਸ਼ ਦੇ ਖਿਲਾਫ ਜੇਤਲੀ ਨੇ ਅਰਵਿੰਦ ਕੇਜਰੀਵਾਲ 'ਤੇ 10 ਕਰੋੜ ਦੇ ਮਾਣਹਾਨੀ ਦਾ ਕੇਸ ਦਰਜਦ ਕੀਤਾ ਸੀ।