ਜਦੋਂ ਸਾਰੀ ਕੜਵਾਹਟ ਭੁਲਾ ਕੇ ਇਕੱਠੇ ਨਜ਼ਰ ਆਏ ਜੇਤਲੀ ਅਤੇ ਕੇਜਰੀਵਾਲ

01/19/2018 2:06:53 PM

ਨਵੀਂ ਦਿੱਲੀ— ਜਿੱਥੇ ਇਕ ਪਾਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਵਿੱਤ ਮੰਤਰੀ ਅਰੁਣ ਜੇਤਲੀ ਕੋਰਟ 'ਚ ਇਕ-ਦੂਜੇ ਦੇ ਖਿਲਾਫ ਮਾਣਹਾਨੀ ਦਾ ਕੇਸ ਲੜ ਰਹੇ ਹਨ ਤਾਂ ਉੱਥੇ ਹੀ ਦੂਜੇ ਪਾਸੇ ਦੋਵੇਂ ਨੇਤਾ ਇਕੱਠੇ ਡਿਨਰ ਪਾਰਟੀ ਦੌਰਾਨ ਬਹੁਤ ਹੀ ਕਰੀਬ ਨਜ਼ਰ ਆਏ। ਦਰਅਸਲ ਵੀਰਵਾਰ ਨੂੰ ਜੀ.ਐੱਸ.ਟੀ. ਕਾਊਂਸਿਲ ਵੱਲੋਂ ਰੱਖੀ ਗਈ ਡਿਨਰ ਪਾਰਟੀ 'ਚ ਜੀ.ਐੱਸ.ਟੀ. ਦੀ ਅਗਵਾਈ ਕਰ ਰਹੇ ਅਰੁਣ ਜੇਤਲੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਡਿਨਰ ਪਾਰਟੀ 'ਚ ਇਕੱਠੇ ਨਜ਼ਰ ਆਏ ਸਨ। ਇੰਨਾ ਹੀ ਨਹੀਂ ਇਕ-ਦੂਜੇ ਦੇ ਵਿਰੋਧੀ ਪਾਰਟੀ ਦੇ ਇਹ ਦਿੱਗਜ ਨੇਤਾ ਡਿਨਰ ਪਾਰਟੀ 'ਚ ਇਕ-ਦੂਜੇ ਨਾਲ ਇਕ ਹੀ ਸੋਫੇ 'ਤੇ ਇਕੱਠੇ ਬੈਠੇ ਹੋਏ ਦਿਖਾਈ ਦਿੱਤੇ ਸਨ। ਇਸ ਪਾਰਟੀ ਦੀਆਂ ਕੁਝ ਤਸਵੀਰਾਂ 'ਆਪ' ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਸ਼ੇਅਰ ਕੀਤੀਆਂ। ਇਨ੍ਹਾਂ ਤਸਵੀਰਾਂ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਦੋਵੇਂ ਨੇਤਾ ਇਕ-ਦੂਜੇ ਨੂੰ ਬਹੁਤ ਹੀ ਖੁਸ਼ਨੁਮਾ ਵਤੀਰੇ ਨਾਲ ਮਿਲੇ ਅਤੇ ਇਕੱਠੇ ਆਰਾਮ ਨਾਲ ਬੈਠੇ ਹੋਏ ਦਿਖਾਈ ਦੇ ਰਹੇ ਹਨ। ਉੱਥੇ ਹੀ ਪਿਛਲੇ ਸਾਲ ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਦੋਸ਼ ਲਗਾਇਆ ਸੀ ਕਿ ਉਹ ਉਨ੍ਹਾਂ ਵੱਲੋਂ 'ਆਪ' ਨੇਤਾਵਾਂ ਦੇ ਖਿਲਾਫ ਦਾਇਰ ਮਾਣਹਾਨੀ ਮਾਮਲੇ ਦੀ ਸੁਣਵਾਈ 'ਚ ਦੇਰੀ ਕਰ ਰਹੇ ਹਨ। ਵਿੱਤ ਮੰਤਰੀ ਦੇ ਵਕੀਲ ਨੇ ਕਿਹਾ ਕਿ ਕੇਜਰੀਵਾਲ ਦੇ ਵਕੀਲ ਵੱਲੋਂ ਹਾਈ ਕੋਰਟ 'ਚ ਉਨ੍ਹਾਂ ਨਾਲ ਗੱਲਬਾਤ ਦੌਰਾਨ ਗੈਰ-ਜ਼ਰੂਰੀ ਸਵਾਲ ਪੁੱਛੇ ਜਾ ਰਹੇ ਹਨ। ਉਨ੍ਹਾਂ ਨੇ ਇਸ ਮਾਮਲੇ 'ਚ ਜਲਦ ਸੁਣਵਾਈ ਦੀ ਅਪੀਲ ਕੀਤੀ।
ਜੇਤਲੀ ਵੱਲੋਂ ਪੇਸ਼ ਸੀਨੀਅਰ ਐਡਵੋਕੇਟ ਸੰਦੀਪ ਸੇਠੀ ਅਤੇ ਐਡਵੋਕੇਟ ਮਾਣਿਕ ਡੋਗਰਾ ਨੇ ਦਿੱਲੀ ਹਾਈ ਕੋਰਟ ਦੇ ਸੰਯੁਕਤ ਰਜਿਸਟਰਾਰ ਰਾਕੇਸ਼ ਪੰਡਤ ਨੂੰ ਕਿਹਾ,''ਉਹ ਗੈਰ-ਜ਼ਰੂਰੀ ਸਵਾਲ ਪੁੱਛ ਰਹੇ ਹਨ ਅਤੇ ਅਦਾਲਤ ਦਾ ਸਮਾਂ ਬਰਬਾਦ ਕਰ ਰਹੇ ਹਨ। ਉਹ ਸੁਣਵਾਈ 'ਚ ਦੇਰੀ ਕਿਉਂ ਕਰ ਰਹੇ ਹਨ? ਅਸੀਂ ਜਲਦ ਤੋਂ ਜਲਦ ਤਾਰੀਕ ਚਾਹੁੰਦੇ ਹਾਂ, ਕਿਉਂਕਿ ਉਨ੍ਹਾਂ ਨੂੰ ਗੱਲਬਾਤ ਪੂਰੀ ਕਰਨ ਦੀ ਕੋਈ ਜਲਦਬਾਜ਼ੀ ਨਹੀਂ ਹੈ।'' 9ਵੇਂ ਦੌਰ ਦੀ ਪੁੱਛ-ਗਿੱਛ ਲਈ ਅਦਾਲਤ 'ਚ ਮੌਜੂਦ ਰਹੇ 64 ਸਾਲ ਦੇ ਜੇਤਲੀ ਨੇ ਸ਼ਾਂਤੀ ਨਾਲ ਕੰਮ ਲਿਆ ਅਤੇ ਡੇਢ ਘੰਟੇ ਦੀ ਸੁਣਵਾਈ ਦੌਰਾਨ 26 ਸਵਾਲਾਂ ਦੇ ਜਵਾਬ ਦਿੱਤੇ। ਜੇਤਲੀ ਨੇ 'ਆਪ' ਨੇਤਾਵਾਂ 'ਤੇ 10 ਕਰੋੜ ਰੁਪਏ ਦੀ ਦੀਵਾਨੀ ਮਾਣਹਾਨੀ ਮਾਮਲਾ ਦਾਇਰ ਕੀਤਾ ਹੈ। ਕੇਜਰੀਵਾਲ ਵੱਲੋਂ ਪੇਸ਼ ਸੀਨੀਅਰ ਐਡਵੋਕੇਟ ਅਨੂਪ ਜਾਰਜ ਚੌਧਰੀ ਅਤੇ ਵਕੀਲ ਅਨੁਪਮ ਸ਼੍ਰੀਵਾਸਤਵ ਨੇ ਕਿਹਾ ਕਿ ਜਲਦ ਸੁਣਵਾਈ ਦੀ ਕੋਈ ਲੋੜ ਨਹੀਂ ਹੈ ਅਤੇ ਅਦਾਲਤ ਨੂੰ ਹੋਰ ਮਾਮਲੇ ਦੀ ਤਰ੍ਹਾਂ ਇਸ 'ਚ ਤਾਰੀਕ ਦੇਣੀ ਚਾਹੀਦੀ ਹੈ। ਇਸ 'ਤੇ ਅਦਾਲਤ ਨੇ ਕਿਹਾ ਕਿ ਉਹ ਅਗਲੀ ਤਾਰੀਕ 'ਤੇ ਇਸ ਸੰਬੰਧ 'ਚ ਫੈਸਲਾ ਕਰੇਗੀ।